Akasa Air: ਹਾਲ ਹੀ ਵਿੱਚ ਦੇਸ਼ ਵਿੱਚ ਏਅਰਲਾਈਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਹਨ। ਇਸੇ ਦੌਰਾਨ ਐਤਵਾਰ (27 ਅਕਤੂਬਰ) ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ।
ਦਰਅਸਲ, ਇੱਕ ਵਿਅਕਤੀ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਇੱਕ ਜਵਾਨ ਨੂੰ ਧਮਕੀ ਦਿੰਦਿਆਂ ਹੋਇਆਂ ਕਿਹਾ ਸੀ ਕਿ ਜੇਕਰ ਜਹਾਜ਼ ਉਡਾਣ ਭਰੇਗਾ ਤਾਂ ਕੋਈ ਵੀ ਯਾਤਰੀ ਜ਼ਿੰਦਾ ਨਹੀਂ ਬਚੇਗਾ। ਬਾਅਦ ਵਿਚ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਨੌਜਵਾਨ ਝੂਠ ਬੋਲ ਰਿਹਾ ਸੀ। ਇਸ ਕਰਕੇ ਜਹਾਜ਼ ਨੂੰ ਉਡਾਣ ਭਰਨ ਵਿੱਚ ਦੇਰੀ ਹੋਈ।
ਕੀ ਹੈ ਪੂਰਾ ਮਾਮਲਾ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ 52 ਸਾਲਾ ਮੁਹੰਮਦ ਯੂਸਫ਼ ਮਲਿਕ ਦੇ ਤੌਰ 'ਤੇ ਹੋਈ ਹੈ। ਦੋਸ਼ੀ ਐਤਵਾਰ ਸਵੇਰੇ ਸ਼੍ਰੀਨਗਰ ਜਾਣ ਲਈ ਅਕਾਸਾ ਏਅਰ ਦੀ ਫਲਾਈਟ QP 1637 'ਤੇ ਸਵਾਰ ਹੋ ਕੇ ਏਅਰਪੋਰਟ ਪਹੁੰਚਿਆ ਸੀ। ਹਾਲਾਂਕਿ, ਹਵਾਈ ਅੱਡੇ 'ਤੇ ਪਹੁੰਚਣ 'ਤੇ ਉਸ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਅਤੇ ਉਸ ਨੇ ਮਹਿਸੂਸ ਕੀਤਾ ਕਿ ਉਹ ਆਪਣੀ ਹਾਲਤ ਕਰਕੇ ਫਲਾਈਟ 'ਤੇ ਨਹੀਂ ਚੜ੍ਹ ਸਕੇਗਾ।
ਇਸ ਤੋਂ ਬਾਅਦ ਉਸ ਨੇ ਬੋਰਡਿੰਗ ਗੇਟ 'ਤੇ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਘੇਰ ਲਿਆ ਅਤੇ ਧਮਕੀ ਦਿੰਦਿਆਂ ਹੋਇਆਂ ਕਿਹਾ ਕਿ ਇਹ ਜਹਾਜ਼ ਉੱਡਣਾ ਨਹੀਂ ਚਾਹੀਦਾ। ਜੇਕਰ ਇਹ ਜਹਾਜ਼ ਉੱਡਿਆ ਤਾਂ ਕੋਈ ਨਹੀਂ ਬਚੇਗਾ। ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਇਸ ਦੀ ਸੂਚਨਾ ਅੱਗੇ ਦਿੱਤੀ। ਇਸ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ ਤਾਂ ਕੁਝ ਨਹੀਂ ਮਿਲਿਆ। ਇਸ ਕਾਰਨ ਜਹਾਜ਼ ਉਡਾਣ ਭਰਨ 'ਚ 90 ਮਿੰਟ ਲੇਟ ਹੋ ਗਿਆ।
'ਕਾਲੇ ਜਾਦੂ ਦੇ ਪ੍ਰਭਾਵ ਹੇਠ ਸੀ'
ਜਦੋਂ CISF ਨੇ ਮੁਹੰਮਦ ਯੂਸਫ਼ ਮਲਿਕ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਕਾਲੇ ਜਾਦੂ ਦੇ ਵਸ਼ ਵਿੱਚ ਸੀ। ਅਧਿਕਾਰੀਆਂ ਨੇ ਉਸ ਦੇ ਬੈਗ ਦੀ ਵੀ ਜਾਂਚ ਕੀਤੀ, ਪਰ ਮਲਿਕ ਦੇ ਭਾਰੀ ਸਾਹ ਨੂੰ ਦੇਖਦਿਆਂ ਹੋਇਆਂ ਏਅਰਪੋਰਟ ਦੇ ਮੈਡੀਕਲ ਸਟਾਫ ਨੂੰ ਬੁਲਾਇਆ ਗਿਆ।
ਇਸ ਜਾਂਚ ਦੌਰਾਨ ਪਤਾ ਲੱਗਿਆ ਕਿ ਉਸ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਸੀ। ਪੁਲਿਸ ਨੇ ਮਲਿਕ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 351(4), 353(1)(ਬੀ) ਅਤੇ 125 ਦੇ ਤਹਿਤ ਐਫਆਈਆਰ ਦਰਜ ਕਰ ਲਈ ਹੈ।