ਸ੍ਰੀਨਗਰ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅੱਜ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੂੰ ਮਿਲਣ ਲਈ ਜੰਮੂ-ਕਸ਼ਮੀਰ ਪਹੁੰਚੇ। ਬੰਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਸੈਕਟਰ ਵਿੱਚ ਆਪਣੀ ਇਸ ਫੇਰੀ ਕਰਕੇ ਅਕਸ਼ੈ ਕੁਮਾਰ ਦੀ ਸੋਸ਼ਲ ਮੀਡੀਆ ਉੱਪਰ ਕਾਫੀ ਆਲੋਚਨਾ ਹੋ ਰਹੀ ਹੈ। ਨੁਕਤਾਚੀਨੀ ਦਾ ਕਾਰਨ ਹੈ ਕੋਰੋਨਾ ਕਾਲ ਵਿੱਚ ਬਗ਼ੈਰ ਮਾਸਕ ਦੇ ਬੀਐਸਐਫ ਦੇ ਕੈਂਪ ਵਿੱਚ ਵਿਚਰਨਾ।
Covid-19 ਨਿਰਦੇਸ਼ਾਂ ਦੀ ਉਲੰਘਣਾ ਕਰਕੇ ਹੋਈ ਨਿੰਦਾ
ਜਵਾਨਾਂ ਨਾਲ ਭੰਗੜਾ ਪਾਉਂਦੇ ਅਦਾਕਾਰ ਅਕਸ਼ੈ ਕੁਮਾਰ ਦੀ ਵੀਡੀਓ ਕੁਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵਾਇਰਲ ਵੀਡੀਓ 'ਤੇ ਪ੍ਰਤੀਕਿਰਿਆ ਦਿੰਦਿਆਂ ਕਾਫੀ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਅਕਸ਼ੈ ਕੁਮਾਰ ਦੀ ਨੁਕਤਾਚੀਨੀ ਕੀਤੀ। ਇੱਕ ਯੂਜ਼ਰ ਨੇ ਲਿਖਿਆ ਕਿ ਮਾਸਕ ਨਾ ਪਹਿਨਣ ਕਰਕੇ ਉਸ (ਅਕਸ਼ੈ) ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ, ਜਦਕਿ ਹੋਰ ਯੂਜ਼ਰ ਨੇ ਤੰਜ਼ ਕੱਸਦਿਆਂ ਕਿਹਾ ਹੈ ਕਿ ਕੋਈ ਮਾਸਕ ਨਹੀਂ, ਕੋਈ ਸਮਾਜਿਕ ਦੂਰੀ ਨਹੀਂ।
ਦੱਸਣਾ ਬਣਦਾ ਹੈ ਕਿ ਇਸੇ ਸਾਲ ਅਪ੍ਰੈਲ ਵਿੱਚ ਅਕਸ਼ੈ ਕੁਮਾਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਨੂੰ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ।
ਅਕਸ਼ੈ ਨੇ ਖ਼ੁਦ ਸਾਂਝੀਆਂ ਕੀਤੀਆਂ ਤਸਵੀਰਾਂ
ਆਪਣੀ ਅੱਜ ਦੀ ਫੇਰੀ ਬਾਰੇ ਦੱਸਦਿਆਂ ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਹੈ ਕਿ ਅਸਲ ਹੀਰੋਜ਼ ਨੂੰ ਮਿਲਣਾ ਹਮੇਸ਼ਾ ਹੀ ਕਮਾਲ ਦਾ ਅਨੁਭਵ ਹੁੰਦਾ ਹੈ। ਅਕਸ਼ੈ ਨੇ ਉਨ੍ਹਾਂ ਫ਼ੌਜੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਜੰਗ ਵਿਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਅਕਸ਼ੈ ਨੇ ਨੀਰੂ ਪਿੰਡ ਇਕ ਸਕੂਲ ਦੇ ਨਿਰਮਾਣ ਦੇ ਲਈ 1 ਕਰੋੜ ਰੁਪਏ ਦਾਨ ਵੀ ਕੀਤੇ। ਅਕਸ਼ੈ ਨੂੰ ਕਈ BSF ਜਵਾਨਾਂ ਦੇ ਨਾਲ ਮੁਲਾਕਾਤ ਕਰਦੇ ਦੇਖਿਆ ਗਿਆ ਹੈ। ਅਕਸ਼ੈ ਮੁਤਾਬਕ ਉਨ੍ਹਾਂ ਦੀ ਇਹ ਮੁਲਾਕਾਤ ਵੀ ਕਾਫੀ ਯਾਦਗਾਰ ਰਹੇਗੀ।