ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਬੀਤੇ ਦਿਨ ਫ਼ਿਲਮ ਅਦਾਕਾਰ ਅਕਸ਼ੇ ਕੁਮਾਰ ਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਪੁੱਛ-ਗਿੱਛ ਲਈ ਸੰਮਨ ਭੇਜੇ ਸਨ। ਅਕਸ਼ੇ ਨੇ ਟਵੀਟ ਕਰਕੇ ਇਸ ਬਾਰੇ ਆਪਣਾ ਪੱਖ ਪੇਸ਼ ਕੀਤਾ ਹੈ। ਇਸ ਮਾਮਲੇ ਵਿੱਚ ਅਕਸ਼ੇ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਦੀ ਗੱਲ ਨੂੰ ਸਿਰਿਓਂ ਨਕਾਰ ਦਿੱਤਾ ਹੈ। ਬਾਦਲਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਸੀ ਪਰ ਹੁਣ ਉਹ ਪੇਸ਼ ਹੋਣ ਲਈ ਰਾਜ਼ੀ ਹੋ ਗਏ ਹਨ।

ਆਪਣੇ ਟਵੀਟ ਵਿੱਚ ਅਕਸ਼ੇ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ’ਤੇ ਗੁਰਮੀਤ ਰਾਮ ਰਹੀਮ ਤੇ ਸੁਖਬੀਰ ਬਾਦਲ ਨਾਲ ਉਸ ਦੀ ਮੁਲਾਕਾਤ ਦੀਆਂ ਅਫ਼ਵਾਹਾਂ ਤੇ ਗਲਤ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਉਸ ਨੇ ਸਪਸ਼ਟ ਕੀਤਾ ਕਿ ਆਪਣੀ ਜ਼ਿੰਦਗੀ ਵਿੱਚ ਹੁਣ ਤਕ ਕਦੇ ਵੀ ਉਸ ਦੀ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਨਹੀਂ ਹੋਈ। ਸੋਸ਼ਲ ਮੀਡੀਆ ਤੋਂ ਉਸ ਨੂੰ ਪਤਾ ਲੱਗਿਆ ਸੀ ਕਿ ਮੁੰਬਈ ਦੇ ਜੁਹੂ ਸਥਿਤ ਉਸ ਦੇ ਘਰ ਦੇ ਆਸ-ਪਾਸ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਰਿਹਾਇਸ਼ ਕੀਤੀ ਸੀ, ਪਰ ਇਸ ਸਮੇਂ ਦੌਰਾਨ ਵੀ ਉਸ ਦਾ ਕਦੀ ਰਾਮ ਰਹੀਮ ਨਾਲ ਆਹਮੋ-ਸਾਹਮਣਾ ਨਹੀਂ ਹੋਇਆ।



ਆਪਣਾ ਪੱਖ ਰੱਖਦਿਆਂ ਅਕਸ਼ੇ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਸ ਨੇ ਪੰਜਾਬੀ ਸੱਭਿਆਚਾਰ ਤੇ ਸਿੱਖੀ ਦੇ ਪ੍ਰਚਾਰ ਲਈ ਕਈ ਫਿਲਮਾਂ ਕੀਤੀਆਂ ਹਨ, ਜਿਨ੍ਹਾਂ ਵਿੱਚ ‘ਸਿੰਘ ਇਜ਼ ਕਿੰਗ’ ਤੇ ‘ਕੇਸਰੀ’ ਫਿਲਮਾਂ ਸ਼ਾਮਲ ਹਨ। ਉਸ ਨੇ ਕਿਹਾ ਕਿਹਾ ਕਿ ਉਸ ਨੂੰ ਪੰਜਾਬੀ ਹੋਣ ’ਤੇ ਮਾਣ ਹੈ ਤੇ ਉਹ ਸਿੱਖ ਧਰਮ ਵਿੱਚ ਵੀ ਵਿਸ਼ਵਾਸ ਕਰਦਾ ਹੈ। ਪੰਜਾਬੀਆਂ ਲਈ ਉਸ ਦੇ ਮਨ ਵਿੱਚ ਅਸੀਮ ਪਿਆਰ ਹੈ ਤੇ ਉਹ ਕਦੀ ਅਜਿਹਾ ਕੰਮ ਨਹੀਂ ਕਰੇਗਾ ਜਿਸ ਨਾਲ ਪੰਜਾਬੀਆਂ ਦੇ ਮਨਾਂ ਨੂੰ ਠੇਸ ਪੁੱਜੇ।

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਤਤਕਾਲੀ ਸਥਾਨਕ ਵਿਧਾਇਕ ਮਨਤਾਰ ਸਿੰਘ ਬਰਾੜ ਵੀ ਐਸਆਈਟੀ ਸਨਮੁਖ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਐਸਆਈਟੀ ਨੇ 50 ਆਮ ਨਾਗਰਿਕਾਂ ਤੇ 30 ਜੂਨੀਅਰ ਰੈਂਕ ਪੁਲਿਸ ਅਧਿਕਾਰੀਆਂ ਦੇ ਬਿਆਨ ਕਲਮਬੱਧ ਕੀਤੇ ਹਨ।