ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਵਰਗੇ ਹਮਲੇ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸੁਰੱਖਿਆ ਏਜੰਸੀਆਂ ਨੂੰ ਇਸ ਸਬੰਧੀ ਖ਼ੁਫ਼ੀਆ ਸੂਚਨਾ ਮਿਲੀ ਹੈ, ਜਿਸ ਮਗਰੋਂ ਅਲਰਟ ਜਾਰੀ ਕਰ ਇੰਟਰਨੈੱਟ ਸੇਵਾ ਰੋਕ ਦਿੱਤੀ ਗਈ ਹੈ ਤੇ ਚੌਕਸੀ ਵਧਾ ਦਿੱਤੀ ਗਈ ਹੈ।

ਖ਼ੁਫ਼ੀਆ ਏਜੰਸੀਆਂ ਮੁਤਾਬਕ ਦਹਿਸ਼ਤਗਰਦ ਅੱਜ ਫ਼ਿਦਾਈਨ ਹਮਲਾ ਕਰ ਸਕਦੇ ਹਨ, ਜਿਸ ਵਿੱਚ ਮੋਟਰਸਾਈਕਲ ਦੀ ਵਰਤੋਂ ਹੋ ਸਕਦੀ ਹੈ। ਸੁਰੱਖਿਆ ਦੇ ਮੱਦੇਨਜ਼ਰ ਰੱਖਿਆ ਬਲਾਂ ਦੇ ਦਸਤਿਆਂ ਦੇ ਚੱਲਣ 'ਤੇ ਰੋਕ ਲਾਈ ਗਈ ਹੈ। ਪਿਛਲੀ 30 ਮਾਰਚ ਨੂੰ ਵੀ ਜੰਮੂ-ਸ੍ਰੀਨਗਰ ਹਾਈਵੇਅ 'ਤੇ ਸੀਆਰਪੀਐਫ ਦੀ ਬੱਸ 'ਤੇ ਕਾਰ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਹਮਲਾ ਸਫਲ ਨਹੀਂ ਸੀ ਹੋਇਆ। ਇਸ ਨੂੰ ਆਤਮਘਾਤੀ ਹਮਲੇ ਦੀ ਨਜ਼ਰ ਤੋਂ ਵੇਖਿਆ ਜਾ ਰਿਹਾ ਹੈ।

ਬੀਤੀ 14 ਫਰਵਰੀ ਨੂੰ ਪੁਲਵਾਮਾ ਕੋਲੋਂ ਗੁਜ਼ਰਦੇ ਕੌਮੀ ਮਾਰਗ 'ਤੇ ਦਹਿਸ਼ਤਗਰਦਾਂ ਨੇ ਸੀਆਰਪੀਐਫ ਦੀ ਬੱਸ 'ਤੇ ਫ਼ਿਦਾਈਨ ਹਮਲਾ ਕੀਤਾ ਸੀ। ਇਸ ਦੁਰਘਟਨਾ ਵਿੱਚ 40 ਜਵਾਨਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਮਗਰੋਂ ਜਿੱਥੇ ਜਵਾਨਾਂ ਨੂੰ ਹਵਾਈ ਮਾਰਗ ਰਾਹੀਂ ਲਿਜਾਣ ਦੀ ਸਹੂਲਤ ਦੇ ਦਿੱਤੀ ਗਈ ਸੀ, ਉੱਥੇ ਹੀ ਸੁਰੱਖਿਆ ਬਲਾਂ ਦੇ ਆਉਣ-ਜਾਣ ਦੀ ਸਹੂਲਤ ਲਈ ਹਫ਼ਤੇ ਦੇ ਦੋ ਦਿਨ ਜੰਮੂ-ਸ੍ਰੀਨਗਰ-ਬਾਰਾਮੂਲਾ ਮਾਰਗ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ।