ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਅੰਕੜਾ ਹੁਣ ਦੋ ਹਜ਼ਾਰ ਨੂੰ ਪਾਰ ਕਰ ਗਿਆ ਹੈ। ਤਿੰਨਾਂ ਸੈਨਾਵਾਂ ਨੇ ਇਸ ਨਾਲ ਨਜਿੱਠਣ ਲਈ ਪੱਕੀ ਤਿਆਰੀ ਕਰ ਲਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸਬੰਧੀ ਮੀਟਿੰਗ ਕੀਤੀ।


ਇਸ ਵਿੱਚ ਮੌਜੂਦ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਸੈਨਾ ਦੇ ਹਸਪਤਾਲਾਂ ਵਿੱਚ 9 ਹਜ਼ਾਰ ਤੋਂ ਜ਼ਿਆਦਾ ਬੈੱਡ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ 1 ਹਜ਼ਾਰ ਤੋਂ ਵੱਧ ਲੋਕਾਂ ਨੂੰ ਜੈਸਲਮੇਰ, ਜੋਧਪੁਰ, ਚੇਨਈ, ਮਨੇਸਰ, ਹਿੰਡਨ ਤੇ ਮੁੰਬਈ ਵਿੱਚ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ। ਇਸ ਦੀ ਮਿਆਦ 7 ਅਪ੍ਰੈਲ ਨੂੰ ਖਤਮ ਹੋ ਜਾਵੇਗੀ। ਮਾਰਚ 2018 ਤੱਕ, ਸੈਨਾ ਦੇ ਦੇਸ਼ ਭਰ ਵਿੱਚ 133 ਹਸਪਤਾਲ ਸਨ। ਇਨ੍ਹਾਂ ਵਿੱਚੋਂ 112 ਫੌਜ ਦੇ, 12 ਹਵਾਈ ਸੈਨਾ ਤੇ 9 ਜਲ ਸੈਨਾ ਹਨ।

ਉਨ੍ਹਾਂ ਦੱਸਿਆ ਕਿ ਸਾਢੇ ਅੱਠ ਹਜ਼ਾਰ ਤੋਂ ਵੱਧ ਡਾਕਟਰ ਤੇ ਮੈਡੀਕਲ ਸਟਾਫ ਵੀ ਇਸ ਜੰਗ ਲਈ ਤਿਆਰ ਹੈ। ਫੌਜ ਦੇ ਹਸਪਤਾਲਾਂ ਵਿੱਚ 9 ਹਜ਼ਾਰ ਤੋਂ ਵੱਧ ਬੈੱਡ ਉਪਲਬਧ ਹਨ। ਪਿਛਲੇ 5 ਦਿਨਾਂ ਵਿੱਚ, ਏਅਰ ਫੋਰਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 25 ਟਨ ਤੋਂ ਵੱਧ ਮੈਡੀਕਲ ਉਪਕਰਣ ਸਪਲਾਈ ਕੀਤੇ ਹਨ। ਜਲ ਸੈਨਾ ਦੇ ਜਹਾਜ਼ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਟੈਂਡ ਬਾਏ ਤੇ ਹਨ। ਲੋੜ ਪੈਣ 'ਤੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੀ ਕੰਮ ਕੀਤਾ ਜਾਵੇਗਾ।

25 ਹਜ਼ਾਰ ਐਨਸੀਸੀ ਕੈਡਿਟ ਤੇ ਸੇਵਾਮੁਕਤ ਸਿਹਤ ਪੇਸ਼ੇਵਰ ਵੀ ਤਿਆਰ
ਆਰਮਡ ਫੋਰਸਿਜ਼ ਮੈਡੀਕਲ ਸਰਵਿਸ ਦੇ ਡੀਜੀ ਲੈਫਟੀਨੈਂਟ ਜਨਰਲ ਅਨੂਪ ਬੈਨਰਜੀ ਨੇ ਰੱਖਿਆ ਮੰਤਰੀ ਨੂੰ ਦੱਸਿਆ ਕਿ ਸੇਵਾਮੁਕਤ ਸਿਹਤ ਪੇਸ਼ੇਵਰ ਵੀ ਸੇਵਾ ਕਰਨ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ 25 ਹਜ਼ਾਰ ਤੋਂ ਵੱਧ ਐਨਸੀਸੀ ਕੈਡਿਟ ਨੂੰ ਵੀ ਸਿਖਲਾਈ ਦਿੱਤੀ ਜਾ ਰਹੀ ਹੈ।



4  ਮਰੀਜ਼ਾਂ ਨੂੰ ਸਾਂਭਣ ਵਾਲਾ ਇੱਕ ਵੈਂਟੀਲੇਟਰ ਹੋ ਰਿਹਾ ਤਿਆਰ
ਡੀਆਰਡੀਓ ਦੇ ਚੇਅਰਮੈਨ ਡਾ. ਡੀ.ਜੀ ਸਤੀਸ਼ ਰੈਡੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਦੱਸਿਆ ਕਿ ਡੀਆਰਡੀਓ ਲੈਬ ਵਿੱਚ ਬਣੇ 50 ਹਜ਼ਾਰ ਲਿਟਰ ਸੈਨੀਟਾਈਜ਼ਰ ਦਿੱਲੀ ਪੁਲਿਸ ਸਮੇਤ ਵੱਖ-ਵੱਖ ਸੁਰੱਖਿਆ ਬਲਾਂ ਨੂੰ ਸਪਲਾਈ ਕੀਤੇ ਗਏ ਹਨ। ਇਸ ਤੋਂ ਇਲਾਵਾ, 1 ਲੱਖ ਲੀਟਰ ਸੈਨੀਟਾਈਜ਼ਰ ਦੇਸ਼ ਭਰ ਵਿੱਚ ਸਪਲਾਈ ਕੀਤਾ ਗਿਆ ਸੀ। ਇਸਦੇ ਨਾਲ ਹੀ, ਅਜਿਹਾ ਵੈਂਟੀਲੇਟਰ ਬਣਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ, ਜੋ ਇੱਕ ਸਮੇਂ ਵਿੱਚ 4 ਮਰੀਜ਼ਾਂ ਦਾ ਸਮਰਥਨ ਕਰ ਸਕਦਾ ਹੈ।

ਰੱਖਿਆ ਮੰਤਰਾਲੇ ਦੇ ਸਾਰੇ ਕਰਮਚਾਰੀ ਇੱਕ ਦਿਨ ਦੀ ਤਨਖਾਹ ਪੀਐਮ-ਕੇਅਰ ਫੰਡ ਵਿੱਚ ਦੇਣਗੇ
ਰੱਖਿਆ ਮੰਤਰਾਲੇ ਦੇ ਸਾਰੇ ਕਰਮਚਾਰੀਆਂ ਕੋਰੋਨਵਾਇਰਸ ਨਾਲ ਲੜਨ ਲਈ ਪ੍ਰਧਾਨ ਮੰਤਰੀ-ਕੇਅਰ ਫੰਡ ਵਿੱਚ ਇੱਕ ਦਿਨ ਦੀ ਤਨਖਾਹ ਦੇਣਗੀ। ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸੈਨਾ, ਨੇਵੀ ਅਤੇ ਹਵਾਈ ਸੈਨਾ ਸਣੇ ਰੱਖਿਆ ਮੰਤਰਾਲੇ ਅਧੀਨ ਆਉਂਦੇ ਸਾਰੇ ਵਿੰਗ ਕਰਮਚਾਰੀਆਂ ਦੀ ਇੱਕ ਦਿਨ ਦੀ ਤਨਖਾਹ 500 ਕਰੋੜ ਰੁਪਏ ਪ੍ਰਾਪਤ ਕਰੇਗੀ।