ਨਵੀਂ ਦਿੱਲੀ: ਉੱਤਰੀ ਭਾਰਤ ‘ਚ ਸ਼ੀਤ ਲਹਿਰ ਕਰਕੇ ਬੁੱਧਵਾਰ ਨੂੰ ਠੰਢ ਹੋਰ ਵਧ ਗਈ। ਦਿੱਲੀ ਤੇ ਹੋਰ ਮੁੱਖ ਸ਼ਹਿਰਾਂ ‘ਚ ਇਸ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਉਧਰ, ਰਾਜਸਥਾਨ, ਪੰਜਾਬ, ਜੰਮੂ-ਕਸ਼ਮੀਰ ਤੇ ਹਰਿਆਣਾ ‘ਚ ਵੱਖ-ਵੱਖ ਥਾਵਾਂ ‘ਤੇ ਸੰਘਣੀ ਧੁੰਦ ਛਾਈ ਰਹੀ। ਠੰਢ ਕਰਕੇ ਯੂਪੀ ‘ਚ ਕੱਲ੍ਹ ਤਕ ਸਕੂਲ-ਕਾਲਜ ਬੰਦ ਕੀਤੇ ਗਏ ਹਨ।

ਕੌਮੀ ਰਾਜਧਾਨੀ ਦਿੱਲੀ ‘ਚ ਮੌਸਮ ਦਾ ਸਭ ਤੋਂ ਠੰਢਾ ਦਿਨ ਰਿਕਾਰਡ ਕੀਤਾ ਗਿਆ, ਜਿੱਥੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਪੰਜ ਡਿਗਰੀ ਘੱਟ ਹੈ।

ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਚੰਡੀਗੜ੍ਹ ਦਾ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸ਼ਿਮਲਾ ਤੋਂ ਘੱਟ ਸੀ। ਇਹ ਕੇਂਦਰ ਸ਼ਾਸਤ ਪ੍ਰਦੇਸ਼ ਦਾ ਇਸ ਮੌਸਮ ਦਾ ਸਭ ਤੋਂ ਜ਼ਿਆਦਾ ਠੰਡਾ ਦਿਨ ਸੀ। ਹਰਿਆਣਾ ‘ਚ ਨਾਰਨੌਲ ਤੇ ਪੰਜਾਬ ‘ਚ ਫਰੀਦਕੋਟ ਦਾ ਤਾਪਮਾਨ 2.5 ਤੇ 3.6 ਡਿਗਰੀ ਤਕ ਰਿਕਾਰਡ ਕੀਤਾ ਗਿਆ।

ਉਧਰ, ਜੰਮੂ ਦਾ ਰਾਤ ਦਾ ਤਾਪਮਾਨ 4.8 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਜੋ ਸੀਜ਼ਨ ਦਾ ਹੁਣ ਤਕ ਦਾ ਸਭ ਤੋਂ ਘੱਟ ਤਾਪਮਾਨ ਹੈ। ਲੱਦਾਖ ‘ਚ ਵੀ ਪਿਛਲੇ ਇੱਕ ਹਫਤੇ ਤੋਂ ਪਾਰਾ ਕਾਫੀ ਹੇਠ ਹੈ। ਕੁਝ ਪਹਾੜੀ ਇਲਾਕਿਆਂ ‘ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਆਉਣ ਵਾਲੇ ਦਿਨਾਂ ‘ਚ ਠੰਢ ਹੋਰ ਵਧਣ ਦਾ ਅੰਦਾਜ਼ਾ ਹੈ।