ਨਵੀਂ ਦਿੱਲੀ: ਨੈਸ਼ਨਲ ਕੰਪਨੀ ਲਾਅ ਅਪੀਲ ਅਪੀਲ ਟ੍ਰਿਬਿਊਨਲ ਨੇ ਟਾਟਾ ਸੰਨਜ਼ ਦੇ ਮੌਜੂਦਾ ਪ੍ਰਬੰਧਨ ਨੂੰ ਵੱਡਾ ਝਟਕਾ ਦਿੱਤਾ ਹੈ। ਅੱਜ ਐਨਸੀਐਲਏਟੀ ਨੇ ਸਾਈਰਸ ਮਿਸਤਰੀ ਨੂੰ ਟਾਟਾ ਸੰਨਜ਼ ਦਾ ਕਾਰਜਕਾਰੀ ਚੇਅਰਮੈਨ ਨਿਯੁਕਤ ਕਰਨ ਦਾ ਆਦੇਸ਼ ਦਿੱਤਾ ਹੈ। ਅਸਲ '24 ਅਕਤੂਬਰ 2016 'ਚ ਟਾਟਾ ਸੰਸ ਦਾ ਬੋਰਡ ਵੱਲੋਂ ਸਾਈਰਸ ਮਿਸਤਰੀ ਨੂੰ ਮਾੜੇ ਵਿਵਹਾਰ ਦਾ ਇਲਜ਼ਾਮ ਲਾ ਚੇਅਰਮੈਨ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਹ ਰਤਨ ਟਾਟਾ ਤੇ ਉਨ੍ਹਾਂ ਦੀ ਕੰਪਨੀ ਦੇ ਬੋਰਡ ਦੇ ਫੈਸਲੇ ਤੋਂ ਬਾਅਦ ਹੋਇਆ ਸੀ।


ਐਨਸੀਐਲਏਟੀ ਨੇ ਆਪਣੇ ਹੁਕਮ 'ਚ ਇਹ ਵੀ ਕਿਹਾ ਹੈ ਕਿ ਐਨ ਚੰਦਰਸ਼ੇਖਰਨ ਦੀ ਟਾਟਾ ਸੰਨਜ਼ ਦੇ ਚੇਅਰਮੈਨ ਵਜੋਂ ਨਿਯੁਕਤੀ ਗੈਰਕਾਨੂੰਨੀ ਹੈ ਤੇ ਕੰਪਨੀ ਨੂੰ ਮੁੜ ਸਾਈਰਸ ਮਿਸਤਰੀ ਨੂੰ ਚੇਅਰਮੈਨ ਦਾ ਅਹੁਦਾ ਦੇਣਾ ਪਵੇਗਾ। ਜਦਕਿ ਟਾਟਾ ਸੰਨਜ਼ ਨੂੰ ਫੈਸਲਾ ਲਾਗੂ ਕਰਨ ਲਈ ਚਾਰ ਹਫਤੇ ਦਾ ਸਮਾਂ ਦਿੱਤਾ ਗਿਆ ਹੈ ਤੇ ਉਨ੍ਹਾਂ ਕੋਲ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ 'ਚ ਅਪੀਲ ਕਰਨ ਦਾ ਮੌਕਾ ਹੈ।

ਸਾਈਰਸ ਮਿਸਤਰੀ ਨੇ ਟਾਟਾ ਸੰਨਜ਼ ਦੇ ਫੈਸਲੇ ਖਿਲਾਫ ਦਸੰਬਰ 2016 'ਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ) ਕੋਲ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਐਨਸੀਐਲਟੀ ਨੇ ਜੁਲਾਈ 2018 'ਚ ਸਾਈਰਸ ਮਿਸਤਰੀ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਇਰਸ ਮਿਸਤਰੀ ਇਸ ਫੈਸਲੇ ਖਿਲਾਫ ਐਨਸੀਐਲਏਟੀ ਪਹੁੰਚੇ ਜਿੱਥੋਂ ਉਸ ਨੂੰ ਅੱਜ ਰਾਹਤ ਮਿਲੀ ਹੈ।

ਐਨਸੀਐਲਟੀ ਨੇ ਅੱਜ ਆਪਣੇ ਫ਼ੈਸਲੇ 'ਚ ਕਿਹਾ ਹੈ ਕਿ ਟਾਟਾ ਸੰਨਜ਼ ਦੇ ਚੇਅਰਮੈਨ ਦੇ ਅਹੁਦੇ ਤੋਂ ਸਾਈਰਸ ਮਿਸਤਰੀ ਨੂੰ ਹਟਾਉਣਾ ਗਲਤ ਸੀ। ਸਾਈਰਸ ਮਿਸਤਰੀ ਟਾਟਾ ਸੰਨਜ਼ ਦੇ ਛੇਵੇਂ ਚੇਅਰਮੈਨ ਸਨ ਅਤੇ ਰਤਨ ਟਾਟਾ ਤੋਂ ਬਾਅਦ 2012 'ਚ ਟਾਟਾ ਸੰਨਜ਼ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ।