ਬੇਂਗਲੁਰੂ: ਕਰਨਾਟਕ ਵਿੱਚ ਸੱਤਾ ਵਿੱਚ ਬੈਠੀਆਂ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੇ ਗਠਜੋੜ ਦੀ ਸਰਕਾਰ ਨੂੰ ਬਰਕਰਾਰ ਰੱਖਣ ਲਈ ਵੱਡਾ ਦਾਅ ਖੇਡਿਆ ਹੈ। ਦੋਵੇਂ ਪਾਰਟੀਆਂ ਦੇ ਨਾਰਾਜ਼ 13 ਵਿਧਾਇਕਾਂ ਨੂੰ ਖੁਸ਼ ਕਰਨ ਲਈ ਕਾਂਗਰਸ ਦੇ ਸਾਰੇ 21 ਮੰਤਰੀਆਂ ਨੇ ਆਪਣੇ ਅਹੁਦੇ ਛੱਡ ਦਿੱਤੇ ਹਨ। ਕਾਂਗਰਸੀਆਂ ਤੋਂ ਬਾਅਦ ਜੇਡੀਐਸ ਦੇ ਵੀ ਸਾਰੇ ਮੰਤਰੀਆਂ ਨੇ ਆਪਣੇ ਅਹੁਦੇ ਤਿਆਗ ਦਿੱਤੇ ਹਨ। ਹੁਣ ਕਰਨਾਟਕ ਮੰਤਰੀ ਮੰਡਲ ਦਾ ਪੁਨਰਗਠਨ ਕੀਤਾ ਜਾਵੇਗਾ।


ਆਸ ਹੈ ਕਿ ਰੁੱਸੇ ਵਿਧਾਇਕਾਂ ਨੂੰ ਵਜ਼ਾਰਤ ਵਿੱਚ ਥਾਂ ਦੇ ਕੇ ਕਾਂਗਰਸ-ਜੇਡੀਐਸ ਆਪਣੀ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰਨਗੀਆਂ। ਮੰਤਰੀ ਜਮੀਰ ਅਹਿਮਦ ਖ਼ਾਨ ਨੇ ਕਿਹਾ ਕਿ ਜਿੰਨੇ ਵੀ ਵਿਧਾਇਕ ਭਾਜਪਾ ਕੈਂਪ ਵਿੱਚ ਗਏ ਸਨ, ਉਹ ਸਾਰੇ ਸ਼ਾਮ ਹੋਣ ਤਕ ਪਰਤ ਆਉਣਗੇ। ਉੱਧਰ, ਆਜ਼ਾਦ ਵਿਧਾਇਕ ਐਚ ਨਾਗੇਸ਼ ਨੇ ਵੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਉਹ ਆਪਣਾ ਸਮਰਥਨ ਭਾਜਪਾ ਨੂੰ ਦੇਣਗੇ।

ਕਾਂਗਰਸ ਦੇ ਮੁੱਖ ਸਕੱਤਰ ਕੇ.ਸੀ. ਵੇਣੂੰਗੋਪਾਲ ਨੇ ਕਿਹਾ ਹੈ ਕਿ ਸਾਰੇ ਮੰਤਰੀਆਂ ਨੇ ਆਪਣੀ ਇੱਛਾ ਨਾਲ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਤਰੀਮੰਡਲ ਵਿੱਚ ਫੇਰਬਦਲ ਦਾ ਫੈਸਲਾ ਪਾਰਟੀ 'ਤੇ ਛੱਡ ਦਿਓ।