ਬੇਗਲੁਰੂ: ਕਰਨਾਟਕ ਵਿੱਚ ਜਾਰੀ ਸਿਆਸੀ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ। ਕਾਂਗਰਸ ਤੇ ਜੇਡੀਐਸ ਦੇ 13 ਵਿਧਾਇਕਾਂ ਦੇ ਅਸਤੀਫੇ ਮਗਰੋਂ ਹੁਣ ਆਜ਼ਾਦ ਵਿਧਾਇਕ ਐਚ. ਨਾਗੇਸ਼ ਨੇ ਵੀ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਐਚ. ਨਾਗੇਸ਼ ਤਾਂ ਗਠਜੋੜ ਸਰਕਾਰ ਵਿੱਚ ਮੰਤਰੀ ਵੀ ਹਨ। ਉਨ੍ਹਾਂ ਹੁਣ ਆਪਣਾ ਸਮਰਥਨ ਭਾਰਤੀ ਜਨਤਾ ਪਾਰਟੀ ਨੂੰ ਦੇ ਦਿੱਤਾ ਹੈ। ਹਾਲਾਂਕਿ, ਕਾਂਗਰਸ-ਜੇਡੀਐਸ ਨੇ ਬਾਗੀ ਵਿਧਾਇਕਾਂ ਨੂੰ ਮੰਤਰੀ ਬਣਾਉਣ ਦਾ ਲਾਲਚ ਦਿੱਤਾ ਹੈ, ਪਰ ਇਸ ਦਾ ਹਾਲੇ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ ਹੈ।


ਸਾਰੇ ਅਸਤੀਫ਼ੇ ਰਾਜਪਾਲ ਤੇ ਵਿਧਾਨ ਸਭਾ ਸਪੀਕਰ ਨੂੰ ਦਿੱਤੇ ਜਾ ਰਹੇ ਹਨ। 13 ਵਿਧਾਇਕਾਂ ਦੇ ਅਸਤੀਫ਼ਿਆਂ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ। ਜੇਡੀਐਸ ਨੇਤਾ ਜੀ.ਟੀ. ਦੇਵਗੌੜਾ ਨੇ ਕਿਹਾ ਕਿ ਜੇਕਰ ਕਾਂਗਰਸ-ਜੇਡੀਐਸ ਸਹਿਮਤੀ ਨਾਲ ਸਿੱਧਾਰਮਈਆ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕਰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।

ਸੀਨੀਅਰ ਨੇਤਾਵਾਂ ਦੀਆਂ ਬੈਠਕਾਂ ਜਾਰੀ ਹਨ। ਕਾਂਗਰਸ ਨੂੰ ਭਰੋਸਾ ਹੈ ਕਿ ਅਸਤੀਫ਼ਾ ਦੇਣ ਵਾਲੇ ਵਿਧਾਇਕ ਵਾਪਸ ਆ ਜਾਣਗੇ। ਕਾਂਗਰਸ ਨੂੰ ਵਿਧਾਇਕਾਂ ਦੀ ਘਰ ਵਾਪਸੀ ਦਾ ਇੰਤਜ਼ਾਰ ਹੈ। ਇਸ ਦਰਮਿਆਨ ਕਾਂਗਰਸ ਨੇ ਸਰਕੂਲਰ ਜਾਰੀ ਕਰ ਸਾਰੇ ਵਿਧਾਇਕਾਂ ਨੂੰ ਨੌਂ ਜੁਲਾਈ ਯਾਨੀ ਭਲਕੇ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਭਾਜਪਾ ਨੇ ਵੀ ਅੱਜ ਸ਼ਾਮ ਪੰਜ ਵਜੇ ਬੈਠਕ ਸੱਦੀ ਹੈ। ਸੂਤਰਾਂ ਦੀ ਮੰਨੀਏ ਤਾਂ ਸੂਬੇ ਦੇ ਰਾਜਪਾਲ 17 ਜੁਲਾਈ ਨੂੰ ਬਹੁਮਤ ਪ੍ਰੀਖਣ ਲਈ ਕਹਿ ਸਕਦੇ ਹਨ।