ਲਖਨਊ: ਬੇਂਗਲੁਰੂ ਤੋਂ ਗੋਰਖਪੁਰ ਆ ਰਿਹਾ ਇੰਡੀਗੋ ਦਾ ਬੋਇੰਗ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋਣੋਂ ਬੱਚ ਗਿਆ। 186 ਸੀਟਾਂ ਵਾਲੇ ਜਹਾਜ਼ ਵਿੱਚ ਸਵਾਰ 151 ਮੁਸਾਫਰਾਂ ਦੀ ਜਾਨ ਉਸ ਵੇਲੇ ਮੁੱਠੀ ਵਿੱਚ ਆ ਗਈ, ਜਦ ਲੈਂਡਿੰਗ ਸਮੇਂ ਜਹਾਜ਼ ਨਾਲ ਪੰਛੀ ਟਕਰਾਅ ਗਿਆ। ਇਸ ਕਾਰਨ ਜਹਾਜ਼ ਦਾ ਸੰਤੁਲਨ ਖਰਾਬ ਹੋ ਗਿਆ, ਪਰ ਤਜ਼ਰਬੇਕਾਰ ਪਾਇਲਟ ਦੀ ਸਮਝਦਾਰੀ ਕਾਰਨ ਜਹਾਜ਼ ਸਹੀ ਤਰੀਕੇ ਨਾਲ ਹੇਠਾਂ ਉੱਤਰ ਗਿਆ।


ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਸਵੇਰੇ 11 ਵਜੇ ਬੇਂਗਲੁਰੂ ਤੋਂ ਗੋਰਖਪੁਰ ਲਈ ਇੰਡੀਗੋ ਦੇ ਬੋਇੰਗ ਜਹਾਜ਼ ਨੇ ਉਡਾਣ ਭਰੀ। ਸ਼ਾਮ ਚਾਰ ਵਜੇ ਗੋਰਖਪੁਰ ਹਵਾਈ ਅੱਡੇ ਉੱਤਰਨਾ ਸੀ। ਇਸ ਦੌਰਾਨ ਜਹਾਜ਼ ਨਾਲ ਪੰਛੀ ਆ ਟਕਰਾਇਆ ਤੇ ਜਹਾਜ਼ ਦਾ ਸੰਤੁਲਨ ਬੁਰੇ ਤਰੀਕੇ ਨਾਲ ਵਿਗੜ ਗਿਆ। ਇੱਕ ਮੁਸਾਫਰ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਦੌਰਾਨ ਜਹਾਜ਼ ਅੰਦਰ ਐਮਰਜੈਂਸੀ ਸਬੰਧੀ ਅਨਾਊਂਸਮੈਂਟ ਹੋਣ ਲੱਗੀਆਂ, ਤਾਂ ਜਹਾਜ਼ ਵਿੱਚ ਬੈਠੇ ਮੁਸਾਫਰ ਕਾਫੀ ਘਬਰਾ ਗਏ ਸਨ।

ਪਾਇਲਟ ਦੇ ਸ਼ਾਨਦਾਰ ਹੁਨਰ ਸਦਕਾ 151 ਮੁਸਾਫਰਾਂ ਤੇ ਅਮਲੇ ਦੀ ਜਾਨ ਬੱਚ ਗਈ। ਏਅਰਪੋਰਟ ਅਥਾਰਟੀ ਤੇ ਇੰਡੀਗੋ ਦੇ ਅਧਿਕਾਰੀਆਂ ਨੇ ਘਟਨਾ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ। ਜਹਾਜ਼ ਵਿੱਚ ਆਈ ਤਕਨੀਕੀ ਗੜਬੜੀ ਦੂਰ ਕਰਨ ਲਈ ਦਿੱਲੀ ਤੋਂ ਇੰਜੀਨੀਅਰ ਸੱਦੇ ਗਏ, ਜਿਸ ਕਾਰਨ ਜਹਾਜ਼ ਵਾਪਸ ਬੇਂਗਲੁਰੂ ਨਾ ਜਾ ਸਕਿਆ।