ਨਵੀਂ ਦਿੱਲੀ: ਦਿੱਲੀ ਦੇ ਕ੍ਰਿਸ਼ਣ ਨਗਰ ਇਲਾਕੇ ਵਿੱਚ ਮੰਗਲਵਾਰ ਦੁਪਹਿਰ ਮਹਿੰਦਰਾ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਹੇਠ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਪ੍ਰਭਜੋਤ ਸਿੰਘ ਤੇ ਸੁਖਦੇਵ ਉਰਫ਼ ਸੰਨੀ ਹੈ। ਸੰਨੀ ਮੇਰਠ ਯੂਨੀਵਰਸਿਟੀ ਵਿੱਚ ਬੀਐਸਸੀ ਦਾ ਵਿਦਿਆਰਥੀ ਹੈ। ਪੁਲਿਸ ਤੀਜੇ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ।


ਪੁਲਿਸ ਮੁਤਾਬਕ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਦੱਸਿਆ ਕਿ ਹਾਲੀਵੁੱਡ ਫ਼ਿਲਮ 'ਬੇਬੀ ਡ੍ਰਾਈਵਰ' ਦੇਖ ਕੇ ਉਨ੍ਹਾਂ ਬੈਂਕ ਲੁੱਟਣ ਦੀ ਯੋਜਨਾ ਬਣਾਈ। ਪ੍ਰਭਜੋਤ ਸਿੰਘ ਲੁੱਟ ਦੇ ਪਲਾਨ ਦਾ ਮਾਸਟਰਮਾਈਂਡ ਸੀ। ਉਸ ਦਾ ਕਨਾਟ ਪਲੇਸ ਦੀ ਕੋਟਕ ਮਹਿੰਦਰਾ ਬੈਂਕ ਵਿੱਚ ਖ਼ਾਤਾ ਵੀ ਹੈ।

ਪ੍ਰਭਜੋਤ ਸਿੰਘ ਦਾ ਸ਼ਾਹਦਰਾ ਇਲਾਕੇ ਵਿੱਚ ਕੱਪੜਿਆਂ ਦਾ ਕਾਰੋਬਾਰ ਵੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਕਾਫੀ ਨੁਕਸਾਨ ਹੋ ਰਿਹਾ ਸੀ। ਇਸ ਦੇ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ ਪਰ ਬੈਂਕ ਦੇ ਸਕਿਉਰਟੀ ਗਾਰਡ ਦੀ ਬਹਾਦਰੀ ਦੇ ਚੱਲਦਿਆਂ ਉਹ ਲੁੱਟ ਵਿੱਚ ਕਾਮਯਾਬ ਨਹੀਂ ਹੋ ਸਕੇ ਤੇ ਉਨ੍ਹਾਂ ਨੂੰ ਮੌਕੇ ਤੋਂ ਭੱਜਣਾ ਪਿਆ। ਪੁਲਿਸ ਨੇ ਸੀਸੀਟੀਵੀ ਦੀ ਮਦਦ ਨਾਲ ਉਨ੍ਹਾਂ ਨੂੰ ਫੜ ਲਿਆ।