ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਭਿਖਾਰੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਛੇਤੀ ਹੀ ਇਹ ਭਿਖਾਰੀ ਘਰੋ ਘਰੀ ਕੂੜਾ ਇਕੱਠਾ ਕਰਦੇ ਜਾਂ ਹੋਰ ਕੰਮ ਕਰਦੇ ਵਿਖਾਈ ਦੇਣਗੇ।


ਲਖਨਊ ਨਗਰ ਨਿਗਮ ਨੇ ਇਸ ਯੋਜਨਾ ਦਾ ਖਾਕਾ ਤਿਆਰ ਕਰ ਲਿਆ ਹੈ ਤੇ ਸਰਵੇਖਣ ਜਾਰੀ ਹਨ। ਸਰਵੇਖਣ ਮੁਤਾਬਕ ਪਤਾ ਲੱਗਾ ਹੈ ਕਿ ਸ਼ਹਿਰ ਵਿੱਚ ਤਕਰੀਬਨ 4500 ਭਿਖਾਰੀ ਹਨ ਜੋ ਜਨਤਕ ਥਾਵਾਂ 'ਤੇ ਭੀਖ ਮੰਗਦੇ ਹਨ। ਯੋਜਨਾ ਦੀ ਸ਼ੁਰੂਆਤ ਵਿੱਚ ਪਹਿਲਾਂ 45 ਭਿਖਾਰੀਆਂ ਨੂੰ ਕੰਮ ਦਿੱਤਾ ਜਾਵੇਗਾ।

ਨਿਗਮ ਕਮਿਸ਼ਨਰ ਨੇ ਦੱਸਿਆ ਕਿ ਜ਼ਿਆਦਾਤਰ ਭਿਖਾਰੀ ਸਰੀਰਕ ਤੌਰ 'ਤੇ ਠੀਕ ਠਾਕ ਹਨ ਤੇ ਉਹ ਸਿਰਫ ਸੌਖ ਨਾਲ ਪੈਸੇ ਮਿਲਦੇ ਹੋਣ ਕਰਕੇ ਕੰਮ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਪਹਿਲਾਂ 45 ਭਿਖਾਰੀਆਂ ਨੂੰ ਐਨਜੀਓ ਰਾਹੀਂ ਕੰਮ ਦਿੱਤਾ ਜਾਵੇਗਾ। ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜਿਹੜੇ ਭਿਖਾਰੀ ਪੜ੍ਹ ਲਿਖ ਸਕਦੇ ਹਨ, ਉਨ੍ਹਾਂ ਤੋਂ ਉਗਰਾਹੀ ਆਦਿ ਜਿਹੇ ਕੰਮ ਵੀ ਲਏ ਜਾ ਸਕਦੇ ਹਨ, ਪਰ ਇਹ ਪਹਿਲੇ ਪੜਾਅ ਦੀ ਸਫ਼ਲਤਾ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ।