Amarnath Yatra 2023 News: ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ਾਲ ਸੁਰੱਖਿਆ ਗ੍ਰਿਡ ਤੋਂ ਲੈ ਕੇ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਟੈਗਸ ਤੱਕ, ਕੇਂਦਰ ਅਤੇ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਵਲੋਂ ਸਾਰੇ ਉਪਾਅ ਕੀਤੇ ਜਾ ਰਹੇ ਹਨ।


62 ਦਿਨਾਂ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਇਸ ਵਾਰ ਸ਼ਨੀਵਾਰ (1 ਜੁਲਾਈ) ਤੋਂ ਸ਼ੁਰੂ ਹੋ ਗਈ ਹੈ। ਇਸ ਸਾਲਾਨਾ ਯਾਤਰਾ ਨੂੰ ਹੁਣ ਤੱਕ ਦੀ ਸਭ ਤੋਂ ਲੰਬੀ ਯਾਤਰਾ ਮੰਨਿਆ ਜਾ ਰਿਹਾ ਹੈ। ਇਸ ਲਈ ਤਿੰਨ ਲੱਖ ਤੋਂ ਵੱਧ ਸ਼ਰਧਾਲੂ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।


NDTV ਦੀ ਰਿਪੋਰਟ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਪਵਿੱਤਰ ਗੁਫਾ ਦੀ ਯਾਤਰਾ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਸ਼ਰਧਾਲੂਆਂ ਲਈ RFID ਟੈਗ ਲਾਜ਼ਮੀ ਕਰ ਦਿੱਤਾ ਗਿਆ ਹੈ। RFID ਟੈਗ ਰਾਹੀਂ ਹਰੇਕ ਸ਼ਰਧਾਲੂ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ। ਖਰਾਬ ਮੌਸਮ ਦੌਰਾਨ ਪ੍ਰਸ਼ਾਸਨ ਇਸ ਟੈਗ ਦੀ ਵਰਤੋਂ ਕਰਕੇ ਸ਼ਰਧਾਲੂਆਂ ਦੀ ਮਦਦ ਕਰ ਸਕੇਗਾ।


ਇਹ ਵੀ ਪੜ੍ਹੋ: Punjab News: ਮਾਨ ਦੇ ਐਲਾਨ 'ਤੇ ਕੇਜਰੀਵਾਲ ਨੇ ਮਾਰੀ ਥਾਪੀ ! ਕਿਹਾ-ਪ੍ਰਾਈਵੇਟ ਤੋਂ ਸਸਤੀ ਬਿਜਲੀ ਪੈਦਾ ਕਰਕੇ ਦਿਖਾਵਾਂਗੇ


ਅਮਰਨਾਥ ਯਾਤਰਾ ਲਈ ਭਾਰੀ ਸੁਰੱਖਿਆ ਗ੍ਰਿਡ ਤਾਇਨਾਤ


ਯਾਤਰਾ ਦੇ ਮੱਦੇਨਜ਼ਰ ਵਿਸ਼ਾਲ ਸੁਰੱਖਿਆ ਗ੍ਰਿਡ ਤਾਇਨਾਤ ਕੀਤਾ ਗਿਆ ਹੈ। ਇਸ ਵਿੱਚ ਸੈਨਾ ਅਤੇ ਪੁਲਿਸ ਤੋਂ ਇਲਾਵਾ ਕੇਂਦਰੀ ਰਿਜ਼ਰਵ ਪੁਲਿਸ ਬਲ, ਸੀਮਾ ਸੁਰੱਖਿਆ ਬਲ, ਇੰਡੋ-ਤਿੱਬਤੀਅਨ ਬਾਰਡਰ ਪੁਲਿਸ, ਸੀਆਈਐਸਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਕਰਮਚਾਰੀ ਸ਼ਾਮਲ ਹਨ। ਪਹਿਲਗਾਮ ਅਤੇ ਬਾਲਟਾਲ ਬੇਸ ਕੈਂਪਾਂ ਨੂੰ ਜਾਣ ਵਾਲੇ ਰਸਤੇ ਅਤੇ ਗੁਫਾ ਅਸਥਾਨ ਵੱਲ ਜਾਣ ਵਾਲੇ ਰਸਤੇ ਦੇ ਨਾਲ ਸੈਂਕੜੇ ਨਵੇਂ ਸੁਰੱਖਿਆ ਬੰਕਰ ਬਣਾਏ ਗਏ ਹਨ। ਡਰੋਨ ਸਮੇਤ ਹਾਈ-ਟੈਕ ਨਿਗਰਾਨੀ ਉਪਾਅ ਵੀ ਵਰਤੇ ਜਾ ਰਹੇ ਹਨ।


ਅਮਰਨਾਥ ਯਾਤਰਾ ਲਈ ਦੋ ਜੱਥੇ ਹੋਏ ਰਵਾਨਾ


ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ੁੱਕਰਵਾਰ (30 ਜੂਨ) ਸਵੇਰੇ ਜੰਮੂ ਦੇ ਭਗਵਤੀ ਨਗਰ ਕੈਂਪ ਤੋਂ ਯਾਤਰਾ ਲਈ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ ਵਿੱਚ ਲਗਭਗ 3,400 ਸ਼ਰਧਾਲੂ ਸ਼ਾਮਲ ਹਨ। ਲਗਭਗ 4,400 ਸ਼ਰਧਾਲੂਆਂ ਦੇ ਦੂਜੇ ਜਥੇ ਨੂੰ ਸ਼ਨੀਵਾਰ (1 ਜੁਲਾਈ) ਨੂੰ ਭਗਵਤੀ ਨਗਰ ਬੇਸ ਕੈਂਪ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਹੁਣ ਤੱਕ ਯਾਤਰਾ ਲਈ ਰਵਾਨਾ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ 7,904 ਹੋ ਗਈ ਹੈ।


ਇਹ ਵੀ ਪੜ੍ਹੋ: ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਖ਼ਤਮ ਕਰਨ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਮਿਲ ਕੇ ਕਰਨਗੇ ਕੰਮ , NIA ਨੇ ਬਣਾਈ ਇਹ ਖ਼ਾਸ ਰਣਨੀਤੀ