Amarnath Yatra: ਅਮਰਨਾਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਅੱਤਵਾਦੀ ਸੰਗਠਨ ਵੱਲੋਂ ਧਮਕੀ ਦਿੱਤੀ ਗਈ ਹੈ। ਅੱਤਵਾਦੀ ਸੰਗਠਨ TRF ਦਾ ਧਮਕੀ ਭਰਿਆ ਪੱਤਰ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। TRF ਵੱਲੋਂ ਧਮਕੀ ਭਰਿਆ ਪੱਤਰ ਜਾਰੀ ਕਰਕੇ ਇਸ ਵਾਰ ਰਾਸ਼ਟਰੀ ਸਵੈ ਸੇਵਕ ਸੰਘ (RSS) ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਗਿਆ ਹੈ।

ਅੱਤਵਾਦੀ ਸੰਗਠਨ ਦ ਰੇਸਿਸਟੈਂਸ ਫਰੰਟ (TRF) ਨੇ ਅਮਰਨਾਥ ਯਾਤਰਾ ਨੂੰ ਲੈ ਕੇ ਧਮਕੀ ਪੱਤਰ ਜਾਰੀ ਕੀਤਾ ਹੈ। ਚਿੱਠੀ 'ਚ ਅੱਤਵਾਦੀ ਸੰਗਠਨ ਨੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) 'ਤੇ ਨਿਸ਼ਾਨਾ ਸਾਧਿਆ ਹੈ। ਸੰਗਠਨ ਦਾ ਕਹਿਣਾ ਹੈ ਕਿ ਉਹ ਯਾਤਰਾ ਖਿਲਾਫ ਨਹੀਂ ਪਰ ਸ਼ਰਧਾਲੂ ਉਦੋਂ ਤੱਕ ਸੁਰੱਖਿਅਤ ਹਨ, ਜਦੋਂ ਤੱਕ ਉਹ ਕਸ਼ਮੀਰ ਮੁੱਦੇ 'ਚ ਸ਼ਾਮਲ ਨਹੀਂ ਹੁੰਦੇ।

ਦੂਜੇ ਪਾਸੇ ਸ਼੍ਰੀਨਗਰ ਪੁਲਿਸ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ/ਟੀਆਰਐਫ ਦੇ 2 ਸਥਾਨਕ ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਆਈਜੀ ਕਸ਼ਮੀਰ ਦਾ ਕਹਿਣਾ ਹੈ ਕਿ 15 ਪਿਸਤੌਲ, 30 ਮੈਗਜ਼ੀਨ, 300 ਰੌਂਦ ਤੇ 1 ਸਾਈਲੈਂਸਰ ਸਮੇਤ ਅਪਰਾਧਕ ਸਮੱਗਰੀ, ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਨੂੰ ਆਪਣੇ ਲਈ ਵੱਡੀ ਕਾਮਯਾਬੀ ਮੰਨ ਰਹੀ ਹੈ।






15 ਜੂਨ ਦੀ ਡੈੱਡਲਾਈਨ ਤੈਅ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਇਸ ਸਾਲ ਸਾਲਾਨਾ ਅਮਰਨਾਥ ਯਾਤਰਾ ਨਾਲ ਸਬੰਧਤ ਸਾਰੇ ਕੰਮਾਂ ਨੂੰ ਪੂਰਾ ਕਰਨ ਲਈ 15 ਜੂਨ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਅਤੇ ਕਿਹਾ ਕਿ ਪ੍ਰਸ਼ਾਸਨ ਦੀ ਤਰਜੀਹ ਸ਼ਰਧਾਲੂਆਂ ਲਈ ਸਰਵਉੱਤਮ ਸਹੂਲਤਾਂ ਨੂੰ ਯਕੀਨੀ ਬਣਾਉਣਾ ਹੈ।

ਸਿਨਹਾ ਨੇ ਇੱਥੇ ਰਾਜ ਭਵਨ ਵਿਖੇ ਉੱਚ ਪੱਧਰੀ ਮੀਟਿੰਗ ਦੌਰਾਨ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ, ਪੁਲਿਸ ਦੇ ਸੀਨੀਅਰ ਸੁਪਰਡੈਂਟ ਅਤੇ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ (SASB) ਦੇ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

ਉਪ ਰਾਜਪਾਲ ਨੇ ਕਿਹਾ ਕਿ ਸ਼ਰਧਾਲੂਆਂ ਲਈ ਵਧੀਆ ਸਹੂਲਤਾਂ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਤਰਜੀਹ ਹੈ। ਉਨ੍ਹਾਂ ਨੇ ਸ਼੍ਰੀ ਅਮਰਨਾਥ ਜੀ ਯਾਤਰਾ ਨਾਲ ਜੁੜੇ ਸਾਰੇ ਕੰਮਾਂ ਨੂੰ ਪੂਰਾ ਕਰਨ ਲਈ 15 ਜੂਨ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਹ ਯਾਤਰਾ ਇਸ ਸਾਲ 30 ਜੂਨ ਤੋਂ ਪਹਿਲਗਾਮ ਅਤੇ ਬਾਲਟਾਲ ਦੋਵਾਂ ਮਾਰਗਾਂ ਤੋਂ ਸ਼ੁਰੂ ਹੋਵੇਗੀ।