ਚੰਡੀਗੜ੍ਹ: ਅੰਬਾਲਾ ਸ਼ਹਿਰ ਦੇ ਮਾਨਵ ਚੌਕ ਸਥਿਤ SBI ਬੈਂਕ ਦੇ ਏਟੀਐਮ ਤੋਂ ਚੋਰਾਂ ਨੇ 19 ਲੱਖ ਰੁਪਏ ਚੋਰੀ ਕਰ ਲਏ। ਵਾਰਦਾਤ ਨੂੰ ਅੰਜਾਮ ਦੇਣ ਲਈ ਏਟੀਐਮ ਦੀ ਰਾਖੀ ਕਰ ਰਹੇ ਗਾਰਡ ਨੂੰ ਬੇਹੋਸ਼ ਕਰ ਦਿੱਤਾ ਤੇ ਗੈਸ ਕਟਰ ਦੀ ਮਦਦ ਨਾਲ ਏਟੀਐਮ ਮਸ਼ੀਨ ਨੂੰ ਕੱਟਿਆ ਤੇ ਕੈਸ਼ ਲੈ ਕੇ ਫਰਾਰ ਹੋ ਗਏ।
ਘਟਨਾ ਦਾ ਪਤਾ ਸਵੇਰੇ ਲੱਗਾ ਜਦੋਂ ਦੂਜਾ ਗਾਰਡ ਆਇਆ ਤੇ ਉਸ ਨੇ ਪਹਿਲੇ ਗਾਰਡ ਰਾਕੇਸ਼ ਨੂੰ ਬੇਸੁੱਧ ਪਿਆ ਵੇਖਿਆ ਤੇ ਏਟੀਐਮ ਮਸ਼ੀਨ ਵੀ ਟੁੱਟੀ ਪਈ ਸੀ। ਹੋਸ਼ ਆਉਣ ’ਤੇ ਰਾਕੇਸ਼ ਨੇ ਦੱਸਿਆ ਕਿ ਰਾਤੀਂ ਕਰੀਬ 2 ਵਜੇ ਜਦੋਂ ਉਹ ਪੇਸ਼ਾਬ ਜਾਣ ਲਈ ਬਾਹਰ ਨਿਕਲਿਆ ਤਾਂ 3 ਜਣਿਆਂ ਨੇ ਉਸ ਨੂੰ ਪਿੱਛਿਓਂ ਦਬੋਚ ਲਿਆ ਤੇ ਉਸ ਨੂੰ ਬੇਹੋਸ਼ ਕਰ ਦਿੱਤਾ। ਉਸ ਤੋਂ ਬਾਅਦ ਉਸ ਨੂੰ ਕੁਝ ਯਾਦ ਨਹੀਂ।
ਏਟੀਐਮ ਅੰਦਰ ਦਾਖ਼ਲ ਹੁੰਦਿਆਂ ਹੀ ਚੋਰਾਂ ਨੇ ਸੀਸੀਟੀਵੀ ਕੈਮਰੇ ਉੱਤੇ ਕੋਈ ਸਪ੍ਰੇਅ ਛਿੜਕਿਆ ਤੇ ਉਸ ਤੋਂ ਬਾਅਦ ਚੋਰੀ ਨੂੰ ਅੰਜਾਮ ਦਿੱਤਾ। ਪੁਲਿਸ ਸੀਸੀਟੀਵੀ ਫੁਟੇਜ ਮਿਲਣ ਦਾ ਇੰਜਜ਼ਾਰ ਕਰ ਰਹੀ ਹੈ। ਪੁਲਿਸ ਨੇ ਜਲਦੀ ਹੀ ਚੋਰਾਂ ਨੂੰ ਫੜ੍ਹਨ ਦਾ ਦਾਅਵਾ ਕੀਤਾ ਹੈ। ਫਿਲਹਾਲ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।