ਚੰਡੀਗੜ੍ਹ: ਕੇਂਦਰ ਸਰਕਾਰ ਨੇ ਅੰਬਾਲਾ ਨੂੰ ਨਵੇਂ ਸਾਲ ਮੌਕੇ ਘਰੇਲੂ ਹਵਾਈ ਅੱਡੇ ਦਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ। ਦਰਅਸਲ ਕੇਂਦਰ ਸਰਕਾਰ ਨੇ ਉਡਾਣ ਯੋਜਨਾ ਦੇ ਤਹਿਤ ਅੰਬਾਲਾ ਵਿੱਚ ਡੋਮੈਸਟਿਕ ਹਵਾਈ ਅੱਡੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਲਗਭਗ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ। ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਇਸ ਤੋਹਫੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਸਿਵਲ ਏਵੀਏਸ਼ਨ ਮੰਤਰੀ ਦਾ ਧੰਨਵਾਦ ਕੀਤਾ ਹੈ।
ਦੇਸ਼ ਭਰ ਵਿੱਚ ਭਾਰਤ ਸਰਕਾਰ ਵੱਲੋਂ ਉਡਾਣ ਯੋਜਨਾ ਚਲਾਈ ਜਾ ਰਹੀ ਹੈ। ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਅੰਬਾਲਾ ਛਾਉਣੀ ਵਿੱਚ ਹਵਾਈ ਅੱਡਾ ਬਣਾਉਣ ਲਈ ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਟੀਮ ਨੇ ਜ਼ਮੀਨ ਦਾ ਸਰਵੇਖਣ ਕਰ ਲਿਆ ਹੈ ਤੇ ਭਾਰਤੀ ਹਵਾਈ ਫੌਜ ਦੀ ਹਵਾਈ ਪੱਟੀ ਨਾਲ ਜੁੜੀ ਬਰਨਾਲਾ ਦੀ ਜ਼ਮੀਨ ਦੀ ਵੀ ਨਿਸ਼ਾਨਦੇਹੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਇੱਥੇ ਹਵਾਈ ਅੱਡੇ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਉਮੀਦ ਜਤਾਈ ਕਿ ਜਲਦ ਹੀ ਇੱਥੇ ਹਵਾਈ ਅੱਡਾ ਬਣਾ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਹਵਾਈ ਅੱਡਾ ਬਣਨ ਨਾਲ ਵਪਾਰੀਆਂ ਨੂੰ ਕਾਫੀ ਫਾਇਦਾ ਮਿਲੇਗਾ। ਇਸ ਦੇ ਨਾਲ ਹੀ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ।