ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਵੱਡੀ ਕਾਰਵਾਈ ਕਰਦਿਆਂ 17 ਵੱਖ-ਵੱਖ ਥਾਈਂ ਛਾਪੇ ਮਾਰ ਕੇ 10 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ਕੋਲੋਂ ਰਾਕੇਟ ਲਾਂਚਰ ਸਣੇ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ੱਕੀਆਂ ਕੋਲੋਂ 7.5 ਲੱਖ ਦੀ ਨਕਦੀ ਵੀ ਮਿਲੀ ਹੈ।

ਐਨਆਈਏ ਦੇ ਆਈਜੀ ਆਲੋਕ ਮਿੱਤਲ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਸ਼ੱਕੀ ਲੋਕ ਵਿਦੇਸ਼ ਵਿੱਚ ਬੈਠੇ ਹੈਂਡਲਰ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਸਨ। ਇਨ੍ਹਾਂ ਦਾ ਆਈਐਸ ਨਾਲ ਵੀ ਸਬੰਧ ਹੈ। ਇਹ ਲੋਕ ਕਿਸੇ ਵੱਡੀ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਵਿਸਫੋਟਕ, ਖ਼ਤਰਨਾਕ ਹਥਿਆਰਾਂ ਤੇ ਨਕਦੀ ਤੋਂ ਇਲਾਵਾ ਇਨ੍ਹਾਂ ਕੋਲੋਂ 100 ਮੋਬਾਈਲ ਫੋਨ, ਸਿਮ ਕਾਰਡ ਤੇ ਵੱਡੀ ਗਿਣਤੀ ਮੈਮਰੀ ਕਾਰਡ ਵੀ ਬਰਾਮਦ ਕੀਤੇ ਗਏ ਹਨ।



ਆਲੋਕ ਮਿੱਤਲ ਨੇ ਦੱਸਿਆ ਕਿ ਮੁਫਤੀ ਸੋਹੇਲ ਨਾਂ ਦਾ ਵਿਅਕਤੀ ਇਸ ਗੈਂਗ ਦਾ ਲੀਡਰ ਹੈ ਜੋ ਦਿੱਲੀ ਦੇ ਜ਼ਾਫਰਾਬਾਦ ਵਿੱਚ ਰਹਿੰਦਾ ਹੈ। ਸੋਹੇਲ ਪੂਰੇ ਗਰੁੱਪ ਨੂੰ ਨਿਰਦੇਸ਼ ਦੇ ਰਿਹਾ ਸੀ। ਇਨ੍ਹਾਂ ਅੱਤਵਾਦੀਆਂ ਨੇ ਵੱਡੀ ਗਿਣਤੀ ਬੰਬ ਬਣਾਉਣੇ ਸੀ। ਇਨ੍ਹਾਂ ਦੀ ਗ੍ਰਿਫ਼ਤਾਰੀ ਦਿੱਲੀ ਦੇ ਸੀਲਮਪੁਰ, ਅਮਰੋਹਾ, ਮੇਰਠ, ਲਖਨਊ ਅਤੇ ਹਾਪੁੜ ਤੋਂ ਹੋਈ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਹੋਰ ਲੋਕਾਂ ਦੀ ਗ੍ਰਿਫ਼ਤਾਰੀ ਦੀ ਵੀ ਸੰਭਾਵਨਾ ਹੈ। 17 ਥਾਵਾਂ ’ਤੇ ਕੀਤੀ ਛਾਪੇਮਾਰੀ ਦੌਰਾਨ ਐਨਆਈਏ ਨੂੰ 120 ਅਲਾਰਮ ਘੜੀਆਂ ਲੱਭੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਬਹੁਤ ਸਾਰੇ ਲੋਕ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ।