ਨਵੀਂ ਦਿੱਲੀ: ਅਮਰੀਕੀ ਹਵਾਈ ਫ਼ੌਜ ਦੇ ਮੁਖੀ ਜਨਰਲ ਡੇਵਿਡ ਐਲ ਗੋਲਡਫਿਨ ਨੇ ਭਾਰਤ ’ਚ ਬਣੇ ਹਲਕੇ ਲੜਾਕੂ ਜਹਾਜ਼ ‘ਤੇਜਸ’ ਵਿੱਚ ਉਡਾਣ ਭਰ ਕੇ ਵੇਖੀ।


ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇੱਥੇ ਪੁੱਜੇ ਜਨਰਲ ਗੋਲਡਫਿਨ ਨਾਲ ਉਡਾਣ ਭਰਨ ਸਮੇਂ ਏਅਰ ਵਾਈਸ ਮਾਰਸ਼ਲ ਏ.ਪੀ. ਸਿੰਘ ਵੀ ਸਹਿ ਪਾਇਲਟ ਵਜੋਂ ਮੌਜੂਦ ਸਨ। ਭਾਰਤੀ ਹਵਾਈ ਫ਼ੌਜ ਨੇ ਟਵਿੱਟਰ ’ਤੇ ਕਿਹਾ, ‘‘ਜਨਰਲ ਡੇਵਿਡ ਐਲ ਗੋਲਡਫਿਨ, ਅਮਰੀਕੀ ਏਅਰ ਫੋਰਸ ਦੇ ਚੀਫ਼ ਆਫ਼ ਸਟਾਫ਼, ਭਾਰਤ ਦੇ ਸਰਕਾਰੀ ਦੌਰੇ ’ਤੇ ਹਨ। ਉਨ੍ਹਾਂ ‘ਮੇਕ ਇਨ ਇੰਡੀਆ’ ਤੇਜਸ ’ਚ ਜੋਧਪੁਰ ਸਟੇਸ਼ਨ ਤੋਂ ਅੱਜ ਉਡਾਣ ਭਰੀ।’’

ਜਨਰਲ ਗੋਲਡਫਿਨ ਨੇ ਕੱਲ ਸਟੇਸ਼ਨ ’ਤੇ ਭਾਰਤੀ ਹਵਾਈ ਸੈਨਿਕਾਂ ਅਤੇ ਪਾਇਲਟਾਂ ਨਾਲ ਗੱਲਬਾਤ ਕੀਤੀ ਸੀ। ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਦੌਰਾ ਭਾਰਤੀ ਅਤੇ ਅਮਰੀਕੀ ਹਵਾਈ ਫ਼ੌਜ, ਜਿਨ੍ਹਾਂ ਨੂੰ ਦੁਨੀਆ ਦੀ ਬਿਹਤਰੀਨ ਫ਼ੌਜ ਮੰਨਿਆ ਜਾਂਦਾ ਹੈ, ਦਰਮਿਆਨ ਆਪਸੀ ਸਹਿਯੋਗ ਦਾ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਜਨਰਲ ਗੋਲਡਫਿਨ ਨੇ ਦੋਵੇਂ ਮੁਲਕਾਂ ਦੀਆਂ ਹਵਾਈ ਫ਼ੌਜਾਂ ’ਚ ਮਜ਼ਬੂਤ ਸਬੰਧਾਂ ’ਤੇ ਜ਼ੋਰ ਦਿੱਤਾ।