ਅਮਰੀਕਾ ਤੇ ਭਾਰਤ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਭਾਰਤ ਉਪਰ 50 ਫੀਸਦੀ ਟੈਰਿਫ ਲਾਉਣ ਤੋਂ ਬਾਅਦ ਟਰੰਪ ਨੇ ਧਮਕੀ ਦਿੱਤੀ ਹੈ ਕਿ ਮਸਲਾ ਹੱਲ ਹੋਣ ਤੱਕ ਵਪਾਰ ਬਾਰੇ ਕੋਈ ਗੱਲਬਾਤ ਨਹੀਂ ਹੋਏਗੀ। ਅਮਰੀਕਾ ਦੇ ਸਾਊਥ ਕੈਰੋਲਾਈਨਾ ਦੇ ਸੈਨੇਟਰ ਲਿੰਡਸੇ ਗ੍ਰਾਹਮ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸ-ਯੂਕਰੇਨ ਜੰਗ ਖ਼ਤਮ ਕਰਵਾਉਣ ਵਿੱਚ ਮਦਦ ਲਈ ਆਪਣੇ ਪ੍ਰਭਾਵ ਦਾ ਇਸਤੇਮਾਲ ਕਰੇ। ਅਮਰੀਕੀ ਸੈਨੇਟਰ ਦਾ ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਕਾਰ ਸ਼ੁੱਕਰਵਾਰ ਯਾਨੀਕਿ 8 ਅਗਸਤ ਨੂੰ ਹੋਈ ਫੋਨ ‘ਤੇ ਗੱਲਬਾਤ ਤੋਂ ਕੁਝ ਘੰਟਿਆਂ ਬਾਅਦ ਸਾਹਮਣੇ ਆਇਆ। ਗ੍ਰਾਹਮ ਨੇ ਇਹ ਵੀ ਕਿਹਾ ਕਿ ਇਹ ਕਦਮ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਵਿਚਕਾਰ ਸੰਬੰਧਾਂ ਵਿੱਚ ਸੁਧਾਰ ਲਈ ਮਹੱਤਵਪੂਰਨ ਹੋਵੇਗਾ।

 

ਅਮਰੀਕਾ ਨਾਲ ਸੰਬੰਧ ਸੁਧਾਰਣ ਲਈ ਸਭ ਤੋਂ ਮਹੱਤਵਪੂਰਨ ਕੰਮ, ਟਰੰਪ ਦੀ ਮਦਦ ਕਰੋ – ਗ੍ਰਾਹਮ

ਅਮਰੀਕੀ ਸੀਨੇਟਰ ਲਿੰਡਸੇ ਗ੍ਰਾਹਮ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਕੀਤੀ। ਪੋਸਟ ਵਿੱਚ ਗ੍ਰਾਹਮ ਨੇ ਕਿਹਾ, “ਜਿਵੇਂ ਕਿ ਮੈਂ ਭਾਰਤ ਵਿੱਚ ਆਪਣੇ ਦੋਸਤਾਂ ਨੂੰ ਕਹਿ ਰਿਹਾ ਹਾਂ, ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਨੂੰ ਸੁਧਾਰਨ ਲਈ ਸਭ ਤੋਂ ਮਹੱਤਵਪੂਰਨ ਕੰਮ ਜੋ ਉਹ ਕਰ ਸਕਦੇ ਹਨ, ਉਹ ਹੈ ਯੂਕਰੇਨ ਵਿੱਚ ਚੱਲ ਰਹੇ ਇਸ ਖੂਨਖਰਾਬੇ ਨੂੰ ਖਤਮ ਕਰਨ ਲਈ ਰਾਸ਼ਟਰਪਤੀ ਟਰੰਪ ਦੀ ਮਦਦ ਕਰਨਾ।”

 

ਭਾਰਤ ਸਮਝਦਾਰੀ ਨਾਲ ਕਰੇ ਆਪਣੇ ਅਸਰ ਦਾ ਇਸਤੇਮਾਲ – ਗ੍ਰਾਹਮ

ਉਨ੍ਹਾਂ ਨੇ ਕਿਹਾ, “ਭਾਰਤ ਰੂਸ ਤੋਂ ਸਸਤਾ ਤੇਲ ਆਯਾਤ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਹੈ, ਜੋ ਪੁਤਿਨ ਦੀ ਜੰਗੀ ਮਸ਼ੀਨ ਲਈ ਇੰਧਨ ਦਾ ਕੰਮ ਕਰਦਾ ਹੈ। ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨਾਲ ਆਪਣੀ ਹਾਲੀਆ ਫੋਨ ਕਾਲ ਦੌਰਾਨ ਇਸ ਜੰਗ ਨੂੰ ਇਨਸਾਫ਼ਪੂਰਨ ਅਤੇ ਇੱਜ਼ਤਦਾਰ ਢੰਗ ਨਾਲ ਹਮੇਸ਼ਾ ਲਈ ਖਤਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੋਵੇਗਾ। ਮੇਰਾ ਹਮੇਸ਼ਾਂ ਤੋਂ ਇਹ ਮੰਨਣਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਭਾਰਤ ਦਾ ਅਸਰ ਹੈ ਅਤੇ ਮੈਨੂੰ ਉਮੀਦ ਹੈ ਕਿ ਉਹ ਇਸ ਅਸਰ ਦਾ ਸਮਝਦਾਰੀ ਨਾਲ ਇਸਤੇਮਾਲ ਕਰਨਗੇ।”

 

 

 

ਪੀਐਮ ਮੋਦੀ ਦੇ ਪੋਸਟ ‘ਤੇ ਅਮਰੀਕੀ ਸੈਨੇਟਰ ਦੀ ਪ੍ਰਤੀਕਿਰਿਆ

ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਇਹ ਬਿਆਨ ਪੀਐਮ ਮੋਦੀ ਦੇ ਉਸ ਐਕਸ ਪੋਸਟ ਦੀ ਪ੍ਰਤੀਕਿਰਿਆ ਵਜੋਂ ਦਿੱਤਾ, ਜੋ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ‘ਤੇ ਗੱਲਬਾਤ ਹੋਣ ਤੋਂ ਬਾਅਦ ਐਕਸ ‘ਤੇ ਸਾਂਝਾ ਕੀਤਾ ਸੀ। ਪੀਐਮ ਮੋਦੀ ਨੇ ਆਪਣੇ ਪੋਸਟ ਵਿੱਚ ਕਿਹਾ ਸੀ, “ਮੈਂ ਆਪਣੇ ਦੋਸਤ ਰਾਸ਼ਟਰਪਤੀ ਪੁਤਿਨ ਨਾਲ ਬਹੁਤ ਵਧੀਆ ਅਤੇ ਵਿਸਥਾਰਪੂਰਣ ਗੱਲਬਾਤ ਕੀਤੀ।” ਸ਼ੁੱਕਰਵਾਰ ਯਾਨੀਕਿ 8 ਅਗਸਤ ਨੂੰ ਪੀਐਮ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਦੀ ਫੋਨ ‘ਤੇ ਹੋਈ ਗੱਲਬਾਤ ਦੌਰਾਨ ਪੁਤਿਨ ਨੇ ਪੀਐਮ ਮੋਦੀ ਨੂੰ ਯੂਕਰੇਨ ਨਾਲ ਸੰਬੰਧਿਤ ਤਾਜ਼ਾ ਘਟਨਾਕ੍ਰਮਾਂ ਬਾਰੇ ਜਾਣਕਾਰੀ ਦਿੱਤੀ ਸੀ।