ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਬੀਤੀ ਰਾਤ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ, ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਤੇ ਸੱਜਾਦ ਲੋਨ ਨੂੰ ਘਰ ਵਿੱਚ ਨਜ਼ਰਬੰਦ ਕਰ ਲਿਆ ਗਿਆ। ਪੂਰੇ ਕਸ਼ਮੀਰ ਵਿੱਚ ਕਰਫ਼ਿਊ ਲਾ ਦਿੱਤਾ ਗਿਆ। ਸਕੂਲ-ਕਾਲਜ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ। ਇੰਨਟਰਨੈੱਟ ਤੇ ਕੇਬਲ ਟੀਵੀ ਸਰਵਿਸ ਬੰਦ ਕਰ ਦਿੱਤੀ ਗਈ।


ਸੂਤਰਾਂ ਮੁਤਾਬਕ ਕਾਂਗਰਸ ਆਗੂ ਉਸਮਾਨ ਮਾਜਿਦ ਤੇ ਸੀਪੀਐਮ ਵਿਧਾਇਕ ਐਮਵਾਈ ਤਰੀਗਾਮੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਂਝ ਸਰਕਾਰ ਨੇ ਕਰਫਿਊ ਲਾਉਣ ਪਿੱਛੇ ਕਾਰਨ ਅਤਿਵਾਦੀ ਹਮਲੇ ਦਾ ਖ਼ਦਸ਼ਾ ਤੇ ਪਾਕਿਸਤਾਨ ਨਾਲ ਕੰਟਰੋਲ ਰੇਖਾ ਉਪਰ ਤਣਾਅ ਨੂੰ ਦੱਸਿਆ ਹੈ।

ਪ੍ਰਦੇਸ਼ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਪ੍ਰਸ਼ਾਸਨ ਨੇ ਸ੍ਰੀਨਗਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਦੀ ਸਥਿਤੀ ਬਾਰੇ ਦਿੱਲੀ ਵਿੱਚ ਉੱਚ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ।