ਚੰਡੀਗੜ੍ਹ: ਪੰਜਾਬ ਦੀਆਂ ਫੌਰੈਂਸਿਕ ਤੇ ਐਨਆਈਏ ਟੀਮਾਂ ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਹੋਏ ਧਮਾਕੇ ਦੀ ਜਾਂਚ ਕਰ ਰਹੀਆਂ ਹਨ। ਇਸ ਦੇ ਨਾਲ ਹੀ ਹਮਲੇ ਬਾਰੇ ਅਹਿਮ ਖੁਲਾਸੇ ਹੋਏ ਹਨ। ਮਾਹਰਾਂ ਨੇ ਦੱਸਿਆ ਹੈ ਕਿ ਜਿਸ ਤਰੀਕੇ ਨਾਲ ਗ੍ਰਨੇਡ ਭਵਨ ਅੰਦਰ ਸੁੱਟਿਆ ਗਿਆ, ਉਸ ਤੋਂ ਸਪਸ਼ਟ ਹੈ ਕਿ ਹਮਲਾਵਰ ਇਸ ਕੰਮ ਵਿੱਚ ਮਾਹਰ ਨਹੀਂ ਸੀ।

ਮਹਿਰਾਂ ਮੁਤਾਬਕ ਹਮਲਾਵਰ ਨੇ 30-32 ਮੀਟਰ ਦੀ ਦੂਰੀ ਤੋਂ ਗ੍ਰਨੇਡ ਸਟੇਜ ਵੱਲ ਸੁੱਟਿਆ ਜੋ ਜ਼ਮੀਨ ’ਤੇ ਡਿੱਗਣ ਤੋਂ ਬਾਅਦ ਫਟਿਆ। ਇਸੇ ਕਰਕੇ ਆਸ-ਪਾਸ ਦੀ ਕੁਝ ਦੂਰੀ ਤਕ ਹੀ ਨੁਕਸਾਨ ਹੋਇਆ। ਮਾਹਰਾਂ ਮੁਤਾਬਕ ਗ੍ਰਨੇਡ ਸੁੱਟਣ ਲਈ ਖ਼ਾਸ ਟਰੇਨਿੰਗ ਦੀ ਲੋੜ ਪੈਂਦੀ ਹੈ। ਇਸ ਵਿੱਚ ਦੱਸਿਆ ਜਾਂਦਾ ਹੈ ਕਿ ਗ੍ਰਨੇਡ ਨੂੰ 35 ਤੋਂ 40 ਮੀਟਰ ਦੀ ਦੂਰੀ ਤੋਂ ਸੁੱਟਣਾ ਹੈ। ਗ੍ਰਨੇਡ ਦੀ ਰਫ਼ਤਾਰ ਵੀ ਇੰਨੀ ਰੱਖੀ ਜਾਂਦੀ ਹੈ ਕਿ 8 ਤੋਂ 11 ਸੈਕਿੰਡਾਂ ਵਿੱਚ ਨਿਸ਼ਾਨੇ ’ਤੇ ਪਹੁੰਚ ਜਾਏ, ਤਾਂ ਕਿ ਫਟਣ ਤੋਂ ਬਾਅਦ ਉਹ 20 ਤੋਂ 50 ਮੀਟਰ ਦੇ ਏਰੀਏ ਤਕ ਆਪਣਾ ਅਸਰ ਦਿਖਾ ਸਕੇ।

ਮੋਬਾਈਲ ਲੋਕੇਸ਼ਨ ਨਾਲ ਸੁਰਾਗ ਦੀ ਤਲਾਸ਼

ਸੁਰੱਖਿਆ ਏਜੰਸੀਆਂ ਨੇ ਬੰਬ ਕਾਂਡ ਤੋਂ ਇੱਕ ਘੰਟੇ ਪਹਿਲਾਂ ਤੇ ਬਾਅਦ ਘਟਨਾ ਸਥਾਨ ਦੇ ਆਸਪਾਸ ਮੌਜੂਦ ਮੋਬਾਈਲਾਂ ਦੀ ਟਾਵਰ ਲੋਕੇਸ਼ਨ ਤੇ ਕਾਲ ਡਿਟੇਲ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਤੇ ਅੱਤਵਾਦੀ ਸੰਗਠਨ ਪੰਜਾਬ ਵਿੱਚ ਮੌਜੂਦ ਖਾਲਿਸਤਾਨੀ ਸਮਰਥਕਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾ ਰਹੇ ਹਨ। ਇਸ ਪਿੱਛੇ ਦਾ ਮਕਸਦ ਪੰਜਾਬ ਵਿੱਚ ਹਿੰਸਾ ਫੈਲਾਉਣਾ ਤੇ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨਾ ਹੈ।

ਪੰਜਾਬ ਦੇ ਵਾਂਟਿਡ ਅੱਤਵਾਦੀ ਪਾਕਿਸਤਾਨ ’ਚ ਲੁਕੇ

ਖੂਫੀਆ ਏਜੰਸੀਆਂ ਮੁਤਾਬਕ ਇਸ ਸਮੇਂ ਪਾਕਿਸਤਾਨ ਵਿੱਚ ਸਰਗਰਮ ਅੱਤਵਾਦੀ ਸੰਗਠਨ ਕਸ਼ਮੀਰ ਦੇ ਅੱਤਵਾਦੀਆਂ ਤੇ ਪੰਜਾਬ ਵਿੱਚ ਮੌਜੂਦ ਖਾਲਿਸਤਾਨੀ ਸਮਰਥਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਪੰਜਾਬ ਵਿੱਚ ਵਾਂਟਿਡ ਕਈ ਅੱਤਵਾਦੀ ਪਾਕਿਸਤਾਨ ਵਿੱਚ ਆਈਐਸਆਈ ਦੀ ਪਨਾਹ ਵਿੱਚ ਬੈਠੇ ਹਨ।