ਅੰਮ੍ਰਿਤਸਰ: ਰਾਜਾਸਾਂਸੀ ਦੇ ਨਿਰੰਕਾਰੀ ਭਵਨ ਵਿੱਚ ਹੋਏ ਗ੍ਰਨੇਡ ਧਮਾਕੇ ਸਬੰਧੀ ਗ੍ਰਹਿ ਮੰਤਰਾਲੇ ਵੱਲੋਂ ਅਹਿਮ ਮੀਟਿੰਗ ਸੱਦੀ ਗਈ ਹੈ। ਇਸ ਮਟਿੰਗ ਵਿੱਚ ISI ’ਤੇ ਨਕੇਲ ਕੱਸਣ ਬਾਰੇ ਚਰਚਾ ਕੀਤੀ ਜਾਏਗੀ। ਐਨਆਈਏ ਟੀਮ ਵੀ ਮੌਕੇ ’ਤੇ ਜਾਂਚ ਕਰ ਰਹੀ ਹੈ। ਪੰਜਾਬ ਸਰਕਾਰ ਨੇ ਹਮਲਾਵਰਾਂ ਦੀ ਸੂਹ ਦੇਣ ਵਾਲੇ ਨੂੰ 50 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅੱਜ ਫੌਰੈਂਸਿਕ ਮਾਹਰਾਂ ਦੀ ਟੀਮ ਵੀ ਐਨਆਈਏ ਨਾਲ ਮਿਲ ਕੇ ਹਮਲੇ ਦੀ ਤਹਿ ਤਕ ਜਾਂਚ ਕਰੇਗੀ।

ਕੈਪਟਨ ਅਮਰਿੰਦਰ ਸਿੰਘ ਅੱਜ ਕਰਨਗੇ ਘਟਨਾ ਸਥਾਨ ਦਾ ਦੌਰਾ

ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਰੀਬ ਢਾਈ ਵਜੇ ਘਟਨਾ ਸਥਾਨ ਦਾ ਦੌਰਾ ਕਰਨਗੇ ਤੇ ਪੀੜਤਾਂ ਨਾਲ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਹਮਲੇ ਪਿੱਛੇ ISI ਦੀ ਹਮਾਇਤ ਪ੍ਰਾਪਤ ਅੱਤਵਾਦੀ ਸਮੂਹਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਹੈ। ਐਨਆਈਏ ਦੀ ਟੀਮ ਨੇ ਵੀ ਇਸ ਹਮਲੇ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਇਨਕਾਰ ਨਹੀਂ ਕੀਤਾ ਪਰ ਹਾਲੇ ਤਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

ਸੁਰੱਖਿਆ ਏਜੰਸੀਆਂ ਵੱਲੋਂ ਹਾਈ ਅਲਰਟ

ਇਸ ਹਮਲੇ ਬਾਅਦ ਪੰਜਾਬ ਤੇ ਗੁਆਂਢੀ ਸੂਬਿਆਂ ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ ਵਿੱਚ ਮੌਜੂਦ ਸੰਤ ਨਿਰੰਕਾਰੀ ਭਵਨ ਦੇ ਹੈੱਡ ਕੁਆਰਟਰ ਦੀ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਉੱਧਰ 24 ਤੋਂ 26 ਨਵੰਬਰ ਤਕ ਹਰਿਆਣਾ ਦੇ ਕਸਮਾਲਖਾ ਵਿੱਚ ਨਿਰੰਕਾਰੀ ਦੀ 71ਵਾਂ ਸਾਲਾਨਾ ਸੰਤ ਸਮਾਗਮ ਹੋਣ ਵਾਲਾ ਹੈ। ਅੰਮ੍ਰਿਤਸਰ ਹਮਲੇ ਬਾਅਦ ਇੱਥੇ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਹੁਣ ਤੱਕ ਕਿਸ ’ਤੇ ਸ਼ੱਕ ਦੀ ਸੂਈ?

ਇਸ ਸਬੰਧੀ ਹਾਲੇ ਤਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਸ਼ੱਕ ਸਿੱਧਾ ਅੱਤਵਾਦੀਆਂ ਤੇ ਵਿਦੇਸ਼ੀ ਕੱਟੜਪੰਥੀਆਂ ਵੱਲ ਹੀ ਜਾ ਰਿਹਾ ਹੈ। ਪਹਿਲਾਂ ਸ਼ੱਕ ਅਲ ਕਾਇਦਾ ਦੇ ਕਮਾਂਡਰ ਜਾਕਰ ਮੂਸਾ ’ਤੇ ਜਾਂਦਾ ਹੈ ਜਿਸ ਨੂੰ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਵੇਖਿਆ ਗਿਆ ਸੀ। ਪੁਲਿਸ ਨੇ ਉਸ ਦਾ ਪੋਸਟਰ ਵੀ ਜਾਰੀ ਕੀਤਾ ਸੀ। ਉਸ ਤੋਂ ਬਾਅਦ ਕੱਟੜਪੰਥੀਆਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਤੀਜਾ ਸ਼ੱਕ ਪਾਕਿਸਤਾਨੀ ਖੂਫੀਆ ਏਜੰਸੀ ISI ’ਤੇ ਜਾ ਰਿਹਾ ਹੈ। ਖੂਫੀਆ ਰਿਪੋਰਟ ਸੀ ਕਿ ਪੰਜਾਬ ਵਿੱਚ ਜੈਸ਼ ਏ ਮੁਹੰਮਦ ਦੇ 7 ਅੱਤਵਾਦੀ ਲੁਕੇ ਹੋਏ ਜੋ ਵੱਡੇ ਹਮਲੇ ਦੀ ਫਿਰਾਕ ਵਿੱਚ ਹਨ।