ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੇ ਵਿਵਾਦ ਤੇ ਫਿਰ ਆਪਣੇ ਅਸਤੀਫ਼ੇ ਤੋਂ ਬਾਅਦ ਫਾਇਰ ਬਰਾਂਡ ਲੀਡਰ ਨਵਜੋਤ ਸਿੰਘ ਸਿੱਧੂ ਫਿਰ ਸਰਗਰਮ ਹੋ ਗਏ ਹਨ। ਲੰਮੀ ਚੁੱਪ ਤੋਂ ਬਾਅਦ ਉਹ ਅੱਜ ਤੋਂ ਆਪਣੇ ਚੋਣ ਖੇਤਰ ਅੰਮ੍ਰਿਤਸਰ ਪੂਰਬੀ ਵਿੱਚ ਉੱਤਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਸਮਰਥਕਾਂ ਨਾਲ ਅਗਲੇ ਕੁਝ ਦਿਨਾਂ ਵਿੱਚ ਚਰਚਾ ਕਰਕੇ ਆਪਣੀ ਅੱਗੇ ਦੀ ਸਿਆਸੀ ਰਣਨੀਤੀ ਬਣਾਉਣਗੇ। ਕੱਲ੍ਹ ਉਨ੍ਹਾਂ ਆਪਣੇ ਘਰ ਵਿੱਚ ਆਏ ਆਪਣੇ ਸਮਰਥਕਾਂ ਨਾਲ ਵੀ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਸਿੱਧੂ ਨੇ ਕਿਹਾ ਕਿ ਉਨ੍ਹਾਂ ਢਾਈ ਸਾਲ ਪੰਜਾਬ ਨੂੰ ਦਿੱਤੇ ਪਰ ਹੁਣ ਉਹ ਢਾਈ ਸਾਲ ਆਪਣੇ ਹਲਕੇ ਨੂੰ ਦੇਣਗੇ।

ਕਿਆਸਰਾਈਆਂ ਹਨ ਕਿ ਅਗਲੇ ਕੁਝ ਦਿਨਾਂ ਅੰਦਰ ਸਿੱਧੂ ਆਪਣੇ ਸਿਆਸੀ ਕਰੀਅਰ ਬਾਰੇ ਵੀ ਐਲਾਨ ਕਰ ਸਕਦੇ ਹਨ। ਸਿੱਧੂ ਨੂੰ ਅੰਮ੍ਰਿਤਸਰ ਆਇਆਂ ਤਿੰਨ ਦਿਨ ਹੋ ਗਏ ਪਰ ਹਾਲੇ ਵੀ ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਉਨ੍ਹਾਂ ਤੋਂ ਦੂਰੀ ਬਣਾਈ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਨਾਲ ਮਿਲ ਕੇ ਲੀਡਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਮੀ ਮੁੱਲ ਨਹੀਂ ਲੈਣਾ ਚਾਹੁਣਗੇ।

ਸਿੱਧੂ ਲਗਪਗ 44 ਦਿਨ ਪੰਜਾਬ ਦੀ ਸਿਆਸਤ ਤੋਂ ਦੂਰ ਰਹੇ ਪਰ ਕੱਲ੍ਹ ਆਖ਼ਰਕਾਰ ਉਨ੍ਹਾਂ ਆਪਣੇ ਸਮਰਥਕਾਂ ਨਾਲ ਮੁਲਾਕਾਤ ਕੀਤੀ। ਅੱਜ ਤੋਂ ਅਗਲੇ ਤਿੰਨ ਦਿਨਾਂ ਤਕ ਉਹ ਵਰਕਰਾਂ ਨਾਲ ਬੈਠਕਾਂ ਕਰ ਰਹੇ ਹਨ। ਕੱਲ੍ਹ ਉਨ੍ਹਾਂ ਆਪਣੇ ਸਮਰਥਕਾਂ ਨੂੰ ਮੈਦਾਨ ਸਾਂਭਣ ਦੀ ਹਦਾਇਤ ਕੀਤੀ।

ਸਿੱਧੂ ਨੇ ਕਿਹਾ ਕਿ ਉਹ ਖ਼ੁਦ ਵੀ ਹਲਕੇ ਵਿੱਚ ਲੋਕਾਂ ਨਾਲ ਗੱਲਬਾਤ ਕਰਨ ਲਈ ਮੈਦਾਨ ਵਿੱਚ ਉਤਰਨਗੇ। ਸਿੱਧੂ ਨਾਲ ਮੁਲਾਕਾਤ ਕਰਕੇ ਆਏ ਇੱਕ ਕਾਂਗਰਸੀ ਲੀਡਰ ਨੇ ਦੱਸਿਆ ਕਿ ਬੈਠਕ ਵਿੱਚ ਸੰਵਾਦ ਇੱਕ ਤਰਫ਼ਾ ਰਿਹਾ। ਸਿੱਧੂ ਜ਼ਿਆਦਾ ਬੋਲੇ ਤੇ ਸਮਰਥਕਾਂ ਨੇ ਉਨ੍ਹਾਂ ਨੂੰ ਸਿਰਫ ਸੁਣਿਆ।