ਚੰਡੀਗੜ੍ਹ: ਬੈਂਕਾਂ ਆਪਣੀ ਚੰਗੀ ਕਮਾਈ ਲਈ ਵੱਧ ਤੋਂ ਵੱਧ ਕਰਜ਼ੇ ਦੇਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਨਿਯਮਾਂ ਵਿੱਚ ਲਗਾਤਾਰ ਹੋ ਰਹੇ ਬਦਲਾਅ ਦੇ ਕਾਰਨ, ਬੈਂਕਾਂ ਤੋਂ ਕਰਜ਼ਾ ਲੈਣਾ ਥੋੜਾ ਮੁਸ਼ਕਲ ਹੋ ਗਿਆ ਹੈ। ਜੇ ਤੁਹਾਨੂੰ ਵੀ ਲੋਨ ਦੀ ਲੋੜ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਹੁਣ ਤੁਹਾਡੇ ਕੋਲ ਤੁਰੰਤ ਲੋਨ ਲੈਣ ਦੀ ਸਹੂਲਤ ਹੈ। ਦਰਅਸਲ ਮੋਬਾਈਲ ਵਾਲਿਟ ਕੰਪਨੀ ਪੇਟੀਐਮ ਹੁਣ ਜਲਦ ਫਟਾਫਟ ਲੋਨ ਦੇਣ ਦੀ ਤਿਆਰੀ ਦੀ ਪ੍ਰਕਿਰਿਆ ਕਰ ਰਹੀ ਹੈ।


ਮੀਡੀਆ ਰਿਪੋਰਟ ਦੇ ਅਨੁਸਾਰ ਪੇਟੀਐਮ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਹਰ ਕੋਸ਼ਿਸ਼ ਕਰ ਰਿਹਾ ਹੈ। ਇਸ ਉਦੇਸ਼ ਲਈ ਕੰਪਨੀ ਪਹਿਲਾਂ ਹੀ ਬੈਂਕਿੰਗ ਸੈਕਟਰ ਵਿੱਚ ਅੱਗੇ ਵਧ ਚੁੱਕੀ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਕੰਪਨੀ ਜਲਦ ਹੀ ਲੋਨ ਦੇਣ ਦਾ ਕਾਰੋਬਾਰ ਸ਼ੁਰੂ ਕਰਨ ਲਈ ਤਿਆਰ ਹੈ। ਖਬਰ ਅਨੁਸਾਰ, ਕੰਪਨੀ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਕਲਿਕਸ ਫਾਈਨਾਂਸ ਇੰਡੀਆ ਨਾਲ ਭਾਈਵਾਲੀ ਕਰ ਰਹੇ ਹਨ। ਕੰਪਨੀ ਦੀ ਇਸ ਭਾਈਵਾਲੀ ਦੇ ਤਹਿਤ ਐਮਐਸਐਮਈ ਤੇ ਸਵੈ-ਰੁਜ਼ਗਾਰ ਲੋਕਾਂ ਨੂੰ ਕਰਜ਼ਾ ਦਿੱਤਾ ਜਾਏਗਾ।

ਖ਼ਬਰਾਂ ਦੀ ਮੰਨੀਏ ਤਾਂ ਕਲਿਕਸ ਫਾਈਨਾਂਸ ਇੰਡੀਆ ਨਾਲ ਪੇਟੀਐਮ ਜਿਸ ਤਰ੍ਹਾਂ ਭਾਈਵਾਲੀ ਕਰ ਰਹੀ ਹੈ, ਉਹ ਇੱਕ ਡਿਜੀਟਲ ਲੈਂਡਿੰਗ ਗੈਰ-ਬੈਂਕਿੰਗ ਵਿੱਤੀ ਕੰਪਨੀ ਹੈ। ਇਸ ਤੋਂ ਇਲਾਵਾ ਪੇਟੀਐਮ ਹੁਣ ਆਪਣੇ ਗਾਹਕਾਂ ਤੇ ਪੇਟੀਐਮ ਮਰਚੈਂਟਸ ਨੂੰ ਜਲਦ ਤੋਂ ਜਲਦ ਡਿਜੀਟਲ ਲੋਨ ਮੁਹੱਈਆ ਕਰਵਾਏਗੀ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦਾ ਫੋਕਸ ਮੂਲ ਰੂਪ 'ਤੇ ਸਵੈ-ਰੁਜ਼ਗਾਰ ਤੇ ਪਹਿਲੀ ਵਾਰ ਲੋਨ ਲੈਣ ਵਾਲੇ ਲੋਕਾਂ 'ਤੇ ਹੈ। ਇਨ੍ਹਾਂ ਲੋਕਾਂ ਨੂੰ ਲੋਨ ਲੈਣ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ।