ਪਾਨੀਪਤ: ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾਦੇ ਘਰ ਵਧਾਈ ਦੇਣ ਆਉਣ ਵਾਲੇ ਸਿਆਸੀ ਲੀਡਰਾਂ ਦੀ ਆਮਦ ਜਾਰੀ ਹੈ। ਇਸ ਤਹਿਤ ਅੱਜ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੀਰਜ ਦੇ ਜੱਦੀ ਪਿੰਡ ਖੰਡਰਾ ਪਹੁੰਚੇ। ਗ੍ਰਹਿ ਮੰਤਰੀ ਨੇ ਉੱਥੇ ਪਹੁੰਚ ਕੇ ਨੀਰਜ ਦੇ ਮਾਪਿਆਂ ਨੂੰ ਨਮਨ ਕੀਤਾ ਤੇ ਕਿਹਾ ਕਿ ਉਸਦੇ ਮਾਪੇ ਧੰਨ ਹਨ ਜਿੰਨ੍ਹਾਂ ਨੇ ਨੀਰਜ ਜਿਹੇ ਹੋਣਹਾਰ ਖਿਡਾਰੀ ਨੂੰ ਜਨਮ ਦਿੱਤਾ। ਇਸ ਲਈ ਉਹ ਉਸ ਦੇ ਮਾਪਿਆਂ ਦੇ ਪੈਰ ਛੂਹਣ ਇੱਥੇ ਆਏ ਹਨ।


ਉਨ੍ਹਾਂ ਕਿਹਾ ਓਲੰਪਿਕ ਖੇਡਾਂ 'ਚ ਭਾਰਤ ਗੋਲਡ ਲਈ ਤਰਸ ਰਿਹਾ ਸੀ। ਨੀਰਜ ਚੋਪੜਾ ਨੇ ਇਹ ਸੁਫ਼ਨਾ ਸੱਚ ਕਰਕੇ ਦਿਖਾਇਆ ਹੈ। ਜਿਸ ਦੇ ਚੱਲਦਿਆਂ ਅੱਜ 135 ਕਰੋੜ ਭਾਰਤ ਵਾਸੀਆਂ ਦਾ ਮਾਣ ਨਾਲ ਸਿਰ ਉੱਚਾ ਹੋ ਗਿਆ। ਨੀਰਜ ਨੇ ਇਕ ਸੁਨਹਿਰੀ ਇਤਿਹਾਸ ਲਿਖਿਆ ਹੈ ਤੇ ਹੁਣ ਵਿਲੱਖਣ ਸ਼ੁਰੂਆਤ ਹੋ ਗਈ ਹੈ।


ਵਿੱਜ ਨੇ ਕਿਹਾ ਖੇਡ ਨੀਤੀ ਦੇ ਤਹਿਤ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ 6 ਕਰੋੜ ਰੁਪਏ, ਸਿਲਵਰ ਮੈਡਲ ਵਾਲੇ ਨੂੰ 4 ਕਰੋੜ ਰੁਪਏ ਤੇ ਬ੍ਰੌਂਜ ਮੈਡਲ ਜੇਤੂ ਨੂੰ ਢਾਈ ਕਰੋੜ ਰੁਪਏ ਦਿੱਤੇ ਜਾਣਗੇ।


ਇਸ ਤੋਂ ਇਲਾਵਾ ਉਨ੍ਹਾਂ ਨੂੰ ਸਰਕਾਰੀ ਨੌਕਰੀ ਤੇ ਰਿਆਇਤੀ ਦਰਾਂ 'ਤੇ ਪਲਾਟ ਦਿੱਤੇ ਜਾਣਗੇ। ਉੱਥੇ ਹੀ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜਲਦ ਹੀ ਪੰਚਕੂਲਾ 'ਚ ਆਯੋਜਿਤ ਹੋਣ ਵਾਲੇ ਸਨਮਾਨ ਸਮਾਰੋਹ 'ਚ ਉਨ੍ਹਾਂ ਨੂੰ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ।