ਅੰਬਾਲਾ: ਵੀਰਵਾਰ ਨੂੰ ਹਰਿਆਣਾ ਦੇ ਨਰਾਇਣਗੜ੍ਹ ਵਿੱਚ, ਭਾਜਪਾ ਦੇ ਮੰਤਰੀ ਤੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸੈਣੀ 'ਤੇ ਗੱਡੀ ਨਾਲ ਫੇਟ ਮਾਰ ਕੇ ਇੱਕ ਕਿਸਾਨ ਨੂੰ ਜ਼ਖਮੀ ਕਰਨ ਦੇ ਇਲਜ਼ਾਮ ਲੱਗੇ ਸੀ। ਇਸ 'ਤੇ ਹੁਣ ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਪ੍ਰਤਿਕਿਰਿਆ ਦਿੱਤੀ ਹੈ।

ਵਿਜ ਨੇ ਕਿਹਾ ਕਿ, "ਜੋ ਕੁਝ ਵੀ ਨਰਾਇਣਗੜ੍ਹ ਵਿੱਚ ਹੋਇਆ, ਉਸ ਮਗਰੋਂ ਦੋਵਾਂ ਧਿਰਾਂ ਦੀ ਰਿਪੋਰਟ ਦਰਜ ਕਰ ਲਈ ਗਈ ਹੈ ਤੇ ਜਾਂਚ ਡੀਐਸਪੀ ਨੂੰ ਮਾਰਕ ਕਰ ਦਿੱਤੀ ਗਈ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਉੱਤੇ ਕੰਮ ਕੀਤਾ ਜਾਵੇਗਾ।"

ਦਰਅਸਲ, ਵੀਰਵਾਰ ਨੂੰ ਨਾਇਬ ਸੈਣੀ ਨੇ ਇੱਕ ਪ੍ਰੋਗਰਾਮ ਵਿੱਚ ਪਹੁੰਚਣਾ ਸੀ। ਜਿਵੇਂ ਹੀ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ, ਕਿਸਾਨ ਉਸ ਪ੍ਰੋਗਰਾਮ ਦੇ ਵਿਰੋਧ ਵਿੱਚ ਉੱਥੇ ਪਹੁੰਚ ਗਏ। ਇਸ ਦੌਰਾਨ ਇੱਕ ਕਿਸਾਨ ਨੂੰ ਕਾਫਲੇ 'ਚ ਮੌਜੂਦ ਕਾਰ ਨੇ ਫੇਟ ਮਾਰ ਦਿੱਤੀ ਜਿਸ ਮਗਰੋਂ ਕਿਸਾਨ ਮਾਮੂਲੀ ਜ਼ਖਮੀ ਹੋ ਗਿਆ। ਫਿਲਹਾਲ ਕਿਸਾਨ ਪੂਰੀ ਤਰ੍ਹਾਂ ਠੀਕ ਹੈ ਪਰ ਉਹ ਕਾਰਵਾਈ ਦੀ ਮੰਗ 'ਤੇ ਅੜਿਆ ਹੋਇਆ ਹੈ।

ਯੂਪੀ ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਬਾਰੇ ਬੋਲਦਿਆਂ ਅਨਿਲ ਵਿਜ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਤੇ ਉਹ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਲਖੀਮਪੁਰ ਵਿੱਚ ਜੋ ਵੀ ਘਟਨਾ ਵਾਪਰੀ ਹੈ, ਸਰਕਾਰ ਨੇ ਜਾਂਚ ਦੀ ਨਿਸ਼ਾਨਦੇਹੀ ਕੀਤੀ ਹੈ ਤੇ ਜੋ ਵੀ ਰਿਪੋਰਟ ਆਵੇਗੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੁੱਦਾਹੀਣ ਵਿਰੋਧੀ ਉਸ ਨੂੰ ਭੜਕਾਉਣਾ ਚਾਹੁੰਦੇ ਹਨ, ਉਸ 'ਤੇ ਰਾਜਨੀਤੀ ਕਰਨਾ ਚਾਹੁੰਦੇ ਹਨ ਪਰ ਭਾਰਤ ਦੇ ਲੋਕਾਂ ਨੇ ਉਸ ਦੀ ਸੱਚਾਈ ਨੂੰ ਪਛਾਣ ਲਿਆ ਹੈ।

ਅਨਿਲ ਵਿੱਜ ਨੇ ਇੱਕ ਵਾਰ ਫਿਰ ਨਵਜੋਤ ਸਿੱਧੂ 'ਤੇ ਟਿੱਪਣੀ ਕੀਤੀ ਹੈ। ਵਿਜ ਨੇ ਕਿਹਾ ਕਿ ਦੇਸ਼ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ, ਪਰ ਸਿੱਧੂ ਨੇ ਉਲਟੀਆਂ ਐਨਕਾਂ ਲਾਈਆਂ ਹੋਈਆਂ ਹਨ।

ਰਾਹੁਲ ਗਾਂਧੀ 'ਤੇ ਟਿੱਪਣੀ ਕਰਦਿਆਂ ਅਨਿਲ ਵਿਜ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸਵੇਰੇ ਉੱਠ ਕੇ ਦੇਸ਼ ਦੇ ਵਿਰੁੱਧ ਕੁਝ ਬਿਆਨ ਜਾਰੀ ਕਰਨੇ ਹੁੰਦੇ ਹਨ। ਉਨ੍ਹਾਂ ਦਾ ਕੋਈ ਗੁਪਤ ਏਜੰਡਾ ਜਾਪਦਾ ਹੈ। ਧਾਰਾ 370 ਦੇ ਖ਼ਤਮ ਹੋਣ ਨਾਲ ਕਸ਼ਮੀਰ ਵਿੱਚ ਵੱਡਾ ਫ਼ਰਕ ਪਿਆ ਹੈ ਤੇ ਅੱਤਵਾਦ ਦੀਆਂ ਘਟਨਾਵਾਂ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ।