ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਅੰਕਿਤ ਸਕਸੈਨਾ ਨਾਂ ਦੇ ਨੌਜਵਾਨ ਨੂੰ ਸੜਕ 'ਤੇ ਸ਼ਰ੍ਹੇਆਮ ਗਲਾ ਵੱਢ ਕੇ ਮਾਰ ਦਿੱਤਾ ਗਿਆ। ਅੰਕਿਤ ਦੀ ਗ਼ਲਤੀ ਸਿਰਫ ਇੰਨੀ ਸੀ ਕਿ ਉਸ ਨੇ ਸਲੀਮਾ ਨਾਂ ਦੀ ਕੁੜੀ ਨੂੰ ਪਿਆਰ ਕੀਤਾ ਸੀ। ਸਲੀਮਾ ਦੇ ਘਰਵਾਲਿਆਂ 'ਤੇ ਕਤਲ ਦਾ ਇਲਜ਼ਾਮ ਹੈ। ਇਸੇ ਦੌਰਾਨ ਅੰਕਿਤ ਦੇ ਪਿਤਾ ਨੇ ਅਪੀਲ ਕੀਤੀ ਹੈ ਕਿ ਮਾਮਲੇ ਨੂੰ ਧਾਰਮਿਕ ਰੰਗਤ ਨਾ ਦਿੱਤੀ ਜਾਵੇ।


ਬੀਤੇ ਦਿਨ ਜਦੋਂ ਬੀਜੇਪੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਉਨ੍ਹਾਂ ਦੇ ਘਰ ਗਏ ਤਾਂ ਅੰਕਿਤ ਦੇ ਪਿਤਾ ਨੇ ਕਿਹਾ ਕਿ ਮਾਮਲੇ ਨੂੰ ਫਿਰਕੂ ਰੰਗਤ ਨਾ ਦਿੱਤੀ ਜਾਵੇ। ਉਨ੍ਹਾਂ ਨੂੰ ਸਿਰਫ ਇਨਸਾਫ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਧਰਮ ਨਾਲ ਨਫਰਤ ਨਹੀਂ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਆਵੇ, ਉਹ ਦਿਲੋਂ ਆਵੇ ਸਿਰਫ ਫ਼ੋਟੋ ਖਿਚਵਾਉਣ ਲਈ ਨਾ ਆਵੇ।

ਮਾਮਲੇ 'ਤੇ ਸ਼ੁਰੂ ਹੋਈ ਰਾਜਨੀਤੀ-

ਇਸ ਘਟਨਾ ਨੇ ਸਿਆਸੀ ਰੰਗ ਲੈਣਾ ਸ਼ੁਰੂ ਕਰ ਦਿੱਤਾ ਹੈ। ਬੀਜੇਪੀ ਸੰਸਦ ਮੈਂਬਰ ਤਿਵਾੜੀ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੂੰ ਇੱਕ ਕਰੋੜ ਮੁਆਵਜ਼ਾ ਦੇਣ ਦੀ ਅਪੀਲ ਕੀਤੀ। ਉੱਧਰ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਕਪਿਲ ਮਿਸ਼ਰਾ ਨੇ ਅੰਕਿਤ ਦੀ ਮੌਤ 'ਤੇ ਕੇਜਰੀਵਾਲ ਦੀ ਚੁੱਪੀ 'ਤੇ ਸਵਾਲ ਚੁੱਕੇ।

ਕੀ ਹੈ ਪੂਰਾ ਮਾਮਲਾ-

ਇੱਕ ਫਰਵਰੀ ਦਿਨ ਵੀਰਵਾਰ ਨੂੰ ਰਾਤ 8 ਵਜੇ ਖਿਆਲਾ ਥਾਣਾ ਅਧੀਨ ਆਉਂਦੇ ਰਘੁਬੀਰ ਨਗਰ ਇਲਾਕੇ ਵਿੱਚ ਅੰਕਿਤ ਘਰ ਤੋਂ ਆਪਣੀ ਸੈਂਟਰੋ ਕਾਰ ਵਿੱਚ ਜਾ ਰਿਹਾ ਸੀ। ਇਸੇ ਦੌਰਾਨ ਉੱਥੇ ਪਹਿਲਾਂ ਤੋਂ ਹੀ ਖੜ੍ਹੇ ਉਸ ਦੀ ਪ੍ਰੇਮਿਕਾ ਸਲੀਮਾ ਦੇ ਪਰਿਵਾਰ ਨੇ ਉਸ ਦੀ ਗੱਡੀ ਨੂੰ ਰੋਕਿਆ ਤੇ ਉਸ ਨੂੰ ਹੇਠਾਂ ਲਾਹ ਕੇ ਕੁੱਟਣ ਲੱਗ ਪਏ।



ਇਸੇ ਦੌਰਾਨ ਅੰਕਿਤ ਦੀ ਮਾਂ ਵੀ ਉੱਥੇ ਆ ਗਈ। ਮੁਲਜ਼ਮਾਂ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਮਾਂ ਨੂੰ ਬਚਾਉਣ ਲਈ ਜਦੋਂ ਅੰਕਿਤ ਅੱਗੇ ਆਇਆ ਤਾਂ ਉਸ ਦੀ ਪ੍ਰੇਮਿਕਾ ਦੇ ਪਿਤਾ, ਮਾਮਾ ਤੇ ਨਾਬਾਲਗ਼ ਭਰਾ ਨੇ ਉਸ ਨੂੰ ਫੜ ਲਿਆ ਤੇ ਉਸ ਦੇ ਪਿਤਾ ਨੇ ਉਸ ਦੇ ਗਲ਼ 'ਤੇ ਚਾਕੂ ਨਾਲ ਕਈ ਵਾਰ ਕੀਤੇ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਤੇ ਨਾਬਾਲਗ਼ ਨੂੰ ਜੁਵੇਨਾਈਲ ਹੋਮ ਭੇਜ ਦਿੱਤਾ ਹੈ। ਇਲਾਕੇ ਵਿੱਚ ਤਣਾਅ ਨੂੰ ਵੇਖਦਿਆਂ ਦਿੱਲੀ ਪੁਲਿਸ ਸਮੇਤ ਸੀ.ਆਰ.ਪੀ.ਐਫ. ਦੀਆਂ ਦੋ ਟੁਕੜੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ।