Uttarakhand Ankita Murder Case : ਉੱਤਰਾਖੰਡ ਦੇ ਅੰਕਿਤਾ ਕਤਲ ਮਾਮਲੇ 'ਚ ਅੰਕਿਤਾ ਦੀ  ਫਾਈਨਲ ਪੋਸਟਮਾਰਟਮ ਰਿਪੋਰਟ ਆ ਗਈ ਹੈ। ਫਾਈਨਲ ਪੋਸਟਮਾਰਟਮ ਵਿੱਚ ਡੁੱਬਣ ਕਾਰਨ ਮੌਤ ਦੀ ਪੁਸ਼ਟੀ ਹੋ ​​ਗਈ ਹੈ। ਨਾਲ ਹੀ ਲਾਸ਼ 'ਤੇ 4 ਤੋਂ 5 ਸੱਟਾਂ ਦੇ ਨਿਸ਼ਾਨ ਮਿਲੇ ਹਨ। ਅੰਕਿਤਾ (Ankita Bhandari Murder)  ਦਾ ਐਤਵਾਰ ਨੂੰ ਸਸਕਾਰ ਕੀਤਾ ਜਾਣਾ ਸੀ ਪਰ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਰਿਸ਼ਤੇਦਾਰਾਂ ਨੇ ਉਸ ਨੂੰ ਰੋਕ ਦਿੱਤਾ ਸੀ।

ਪਰਿਵਾਰ ਨੇ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ। ਹਾਲਾਂਕਿ ਬਾਅਦ 'ਚ ਪਰਿਵਾਰ ਨੇ ਅੰਕਿਤਾ ਦਾ ਅੰਤਿਮ ਸਸਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ 19 ਸਾਲਾ ਅੰਕਿਤਾ ਭੰਡਾਰੀ ਕੁਝ ਦਿਨ ਪਹਿਲਾਂ ਲਾਪਤਾ ਹੋ ਗਈ ਸੀ। ਸ਼ਨੀਵਾਰ ਨੂੰ ਅੰਕਿਤਾ ਦੀ ਲਾਸ਼ ਰਿਸ਼ੀਕੇਸ਼ 'ਚ ਇਕ ਨਹਿਰ 'ਚੋਂ ਬਰਾਮਦ ਹੋਈ ਸੀ। ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਪੁਲਕਿਤ ਆਰੀਆ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਭਾਜਪਾ ਨੇਤਾ ਦੇ ਬੇਟੇ 'ਤੇ ਕਤਲ ਦਾ ਦੋਸ਼ 

ਜਿਸ ਰਿਜ਼ੌਰਟ 'ਚ ਅੰਕਿਤਾ ਭੰਡਾਰੀ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ, ਉਹ ਪੁਲਕਿਤ ਆਰਿਆ ਦਾ ਹੈ। ਪੁਲਕਿਤ ਆਰੀਆ ਭਾਜਪਾ ਨੇਤਾ ਵਿਨੋਦ ਆਰੀਆ ਦੇ ਬੇਟੇ ਹਨ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਦੇ ਗਠਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਸਬੰਧੀ ਐਸ.ਆਈ.ਟੀ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅੰਕਿਤਾ ਭੰਡਾਰੀ ਦੇ ਕਤਲ ਨਾਲ ਸਬੰਧਤ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ 24 ਸਤੰਬਰ 2022 ਨੂੰ ਰੇਣੂਕਾ ਦੇਵੀ, ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ, ਕ੍ਰਾਈਮ ਐਂਡ ਲਾਅ ਐਂਡ ਆਰਡਰ, ਉੱਤਰਾਖੰਡ ਦੀ ਪ੍ਰਧਾਨਗੀ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਸੀ।

SIT ਨੇ ਸ਼ੁਰੂ ਕੀਤੀ ਜਾਂਚ

ਐਸਆਈਟੀ ਇੰਚਾਰਜ ਐਸਆਈਟੀ ਮੈਂਬਰਾਂ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਸਥਾਨ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਏਮਜ਼ ਤੋਂ ਪ੍ਰਾਪਤ ਕਰ ਕੇ ਰਿਸ਼ਤੇਦਾਰਾਂ ਨੂੰ ਦਿਖਾਈ ਗਈ ਹੈ। ਮੌਕੇ ਤੋਂ ਮਿਲੇ ਸਾਰੇ ਭੌਤਿਕ ਸਬੂਤਾਂ ਦੇ ਨਾਲ-ਨਾਲ ਇਲੈਕਟ੍ਰਾਨਿਕ ਸਬੂਤ ਜਿਵੇਂ ਕਿ ਸੀਸੀਟੀਵੀ ਫੁਟੇਜ, ਮੋਬਾਈਲ ਸੀਡੀਆਰ ਆਦਿ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਅਤੇ ਅਧਿਐਨ ਕੀਤਾ ਜਾ ਰਿਹਾ ਹੈ।

ਐਸਆਈਟੀ ਦੀ ਤਰਫੋਂ ਕਿਹਾ ਗਿਆ ਕਿ ਕੇਸ ਦੇ ਮੁੱਖ ਗਵਾਹ ਰਿਜ਼ੋਰਟ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਪਹਿਲਾਂ ਹੀ ਘਟਨਾ ਸਥਾਨ ਦਾ ਮੁਆਇਨਾ ਕਰ ਚੁੱਕੀ ਹੈ। ਘਟਨਾ ਵਾਲੇ ਦਿਨ ਰਿਜ਼ੋਰਟ ਵਿੱਚ ਠਹਿਰੇ ਮਹਿਮਾਨਾਂ ਦੀ ਸੂਚੀ ਪ੍ਰਾਪਤ ਕਰਨ ਤੋਂ ਬਾਅਦ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਮੁਲਜ਼ਮਾਂ ਕੋਲੋਂ ਅਹਿਮ ਸਬੂਤ ਹਾਸਲ ਕਰਨ ਲਈ ਪੁਲੀਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।