Kulgam Encounter Update : ਜੰਮੂ-ਕਸ਼ਮੀਰ ਦੇ ਕੁਲਗਾਮ ਦੇ ਬਟਪੋਰਾ ਇਲਾਕੇ ਵਿੱਚ ਸੋਮਵਾਰ ਨੂੰ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (JeM) ਦੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਮੁਕਾਬਲੇ 'ਚ ਮਾਰੇ ਗਏ ਅੱਤਵਾਦੀ ਦੀ ਪਛਾਣ ਅਬੂ ਹੁਰਾਰਾ ਵਜੋਂ ਹੋਈ ਹੈ ,ਜੋ ਕਿ ਇੱਕ ਵਿਦੇਸ਼ੀ ਪਾਕਿਸਤਾਨੀ ਅੱਤਵਾਦੀ ਹੈ। ਕਸ਼ਮੀਰ ਪੁਲਿਸ ਦੇ ਏਡੀਜੀਪੀ ਨੇ ਦੱਸਿਆ ਕਿ ਮਾਰਿਆ ਗਿਆ ਅੱਤਵਾਦੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਸਬੰਧਤ ਸੀ।



ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਕੋਲੋਂ ਇਕ ਏਕੇ ਰਾਈਫਲ ਸਮੇਤ ਅਪਰਾਧਕ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਸੁਰੱਖਿਆ ਬਲਾਂ ਅਤੇ ਪੁਲਿਸ ਦੀ ਟੀਮ ਇਸ ਦੇ ਹੋਰ ਸਾਥੀਆਂ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਦੱਸ ਦਈਏ ਕਿ ਸੋਮਵਾਰ ਦੁਪਹਿਰ ਤੋਂ ਬਾਅਦ ਏਜੰਸੀਆਂ ਨੂੰ ਬਟਪੋਰਾ ਇਲਾਕੇ 'ਚ ਕੁਝ ਅੱਤਵਾਦੀਆਂ ਦੇ ਸਰਗਰਮ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪਿੰਡ ਨੂੰ ਘੇਰਾ ਪਾ ਲਿਆ ਗਿਆ।

ਮੁਕਾਬਲੇ ਵਿੱਚ ਦੋ ਨਾਗਰਿਕ ਅਤੇ ਇੱਕ ਜਵਾਨ ਜ਼ਖ਼ਮੀ 

ਪੁਲਿਸ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਉਸ ਸਮੇਂ ਮੁਕਾਬਲੇ 'ਚ ਬਦਲ ਗਈ ਜਦੋਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ ਦੋ ਨਾਗਰਿਕ ਅਤੇ ਇਕ ਜਵਾਨ ਜ਼ਖਮੀ ਹੋ ਗਿਆ। ਤਿੰਨਾਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਮੁਕਾਬਲਾ ਜਾਰੀ ਰਿਹਾ। ਸੁਰੱਖਿਆ ਬਲਾਂ ਨੇ ਇਸ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਸੁਰੱਖਿਆ ਬਲਾਂ ਦੀ ਟੀਮ ਇਲਾਕੇ ਦੀ ਜਾਂਚ ਕਰ ਰਹੀ ਹੈ।

ਐਤਵਾਰ ਨੂੰ ਕੁਪਵਾੜਾ ਵਿੱਚ ਹੋਇਆ ਸੀ ਐਨਕਾਊਂਟਰ 


ਇਸ ਤੋਂ ਪਹਿਲਾਂ ਐਤਵਾਰ ਨੂੰ ਕੁਪਵਾੜਾ ਜ਼ਿਲੇ ਦੇ ਮਾਛਿਲ ਸੈਕਟਰ 'ਚ ਕੰਟਰੋਲ ਰੇਖਾ 'ਤੇ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਦੋ ਪਾਕਿਸਤਾਨੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਸੁਰੱਖਿਆ ਬਲਾਂ ਨੇ ਮਾਰੇ ਗਏ ਦੋ ਅੱਤਵਾਦੀਆਂ ਕੋਲੋਂ ਦੋ ਏਕੇ-47 ਰਾਈਫਲਾਂ, ਦੋ ਪਿਸਤੌਲ ਅਤੇ ਚਾਰ ਗ੍ਰਨੇਡ ਬਰਾਮਦ ਕੀਤੇ ਹਨ।

ਪੁਲਿਸ ਮੁਤਾਬਕ ਸੂਚਨਾ ਮਿਲੀ ਸੀ ਕਿ ਕੰਟਰੋਲ ਰੇਖਾ ਤੋਂ ਘੁਸਪੈਠ ਕਰਨ ਵਾਲੇ ਇਸ ਪਾਰ ਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਬਾਅਦ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਮਾਛਿਲ ਸੈਕਟਰ 'ਚ ਕੰਟਰੋਲ ਰੇਖਾ 'ਤੇ ਚੌਕਸੀ ਵਧਾ ਦਿੱਤੀ। ਸਵੇਰੇ ਮਾਛਿਲ ਸੈਕਟਰ ਦੇ ਟੇਕਰੀ ਨਾਰ ਵਿਖੇ ਸੁਰੱਖਿਆ ਬਲਾਂ ਨੂੰ ਕੁਝ ਸ਼ੱਕੀ ਗਤੀਵਿਧੀਆਂ ਦਿਖਾਈ ਦਿੱਤੀਆਂ। ਜਦੋਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਘੁਸਪੈਠੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ 'ਚ ਦੋ ਅੱਤਵਾਦੀ ਮਾਰੇ ਗਏ।