ਲਖਨਊ: ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਕੋਰੋਨਾ ਦਾ ਕਹਿਰ ਜਾਰੀ ਹੈ। AMU ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਦੇ ਮੈਡੀਕਲ ਵਿਭਾਗ ਦੇ ਪ੍ਰੋਫੈਸਰ ਸ਼ੋਇਬ ਜਹੀਰ ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਮੁਤਾਬਕ 56 ਸਾਲਾ ਪ੍ਰੋਫੈਸਰ ਜਹੀਰ ਦੀ ਮੌਤ ਦਿੱਲੀ ਦੇ ਇਕ ਹਸਪਤਾਲ 'ਚ ਹੋਈ। AMU 'ਚ ਪਿਛਲੇ ਤਿੰਨ ਹਫਤਿਆਂ 'ਚ ਕੋਰੋਨਾ ਨਾਲ 17 ਸੀਨੀਅਰ ਪੈਕਲਟੀ ਮੈਂਬਰਾਂ ਦੀ ਜਾਨ ਚਲੇ ਗਈ। ਯੂਪੀ ਦੇ ਮੁੱਖ ਮੰਤਰੀ ਯੋਗੀ ਨੇ ਮੰਗਲਵਾਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਇਸ ਬਾਰੇ ਗੱਲ ਕੀਤੀ।
ਗੋਲਡ ਮੈਡਲਿਸਟ ਸਨ ਪ੍ਰੋਫੈਸਰ ਜਹੀਰ
ਪ੍ਰੋਫੈਸਰ ਜਹੀਰ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਦੇ ਮੈਡੀਕਲ ਵਿਭਾਗ ਦੇ ਦੂਜੇ ਸੀਨੀਅਰ ਪ੍ਰੋਫੈਸਰ ਹਨ ਜੋ ਕੋਵਿਡ ਦਾ ਸ਼ਿਕਾਰ ਹੋਏ। ਪ੍ਰੋਫੈਸਰ ਜਹੀਰ ਸੋਨ ਤਗਮਾ ਜੇਤੂ ਸਨ ਤੇ 1992 'ਚ AMU ਦੇ ਸਟਾਫ 'ਚ ਸ਼ਾਮਲ ਹੋਏ ਸਨ। ਪਿਛਲੇ ਹਫਤੇ ਮੈਡੀਕਲ ਵਿਭਾਗ ਦੇ ਪ੍ਰਮੁੱਖ ਪ੍ਰੋਫੈਸਰ ਸ਼ਾਦਾਬ ਖਾਨ ਦਾ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਦੇ ਹਸਪਤਾਲ 'ਚ ਦੇਹਾਂਤ ਹੋ ਗਿਆ ਸੀ। AMU ਦੇ ਚਾਂਸਲਰ ਪ੍ਰੋਫੈਸਰ ਤਾਰਿਕ ਮੰਸੂਰ ਨੇ ਪ੍ਰੋਫੈਸਰ ਜਹੀਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਵਿਅਕਤੀਤਵ ਦੀ ਚਰਚਾ ਕੀਤੀ।
ਸੀਐਮ ਨੇ ਕੁਲਪਤੀ ਨਾਲ ਕੀਤੀ ਗੱਲ
ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਮੰਗਲਵਾਰ AMU ਦੇ ਕੁਲਪਤੀ ਨਾਲ ਫੋਨ 'ਤੇ ਗੱਲ ਕਰਕੇ ਯੂਨੀਵਰਸਿਟੀ ਦੇ ਮੈਡੀਕਲ ਕਾਲਜ 'ਚ ਭਰਤੀ ਮਰੀਜ਼ਾਂ ਤੇ ਉੱਥੇ ਕੰਮ ਕਰ ਰਹੇ ਮੈਡੀਕਲ ਸਟਾਫ ਦਾ ਹਾਲਚਾਲ ਪੁੱਛਿਆ। ਯੂਨੀਵਰਸਿਟੀ ਦੇ ਕਈ ਪ੍ਰੋਫੈਸਰਾਂ ਦੀਆਂ ਮੌਤ ਦੀਆਂ ਖ਼ਬਰਾਂ 'ਤੇ ਸੀਐਮ ਨੇ ਨੋਟਿਸ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ 'ਚ ਵੱਡੀ ਗਿਣਤੀ 'ਚ ਲੋਕ ਰਹਿੰਦੇ ਹਨ। ਇਨ੍ਹਾਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣ ਲਈ ਸਾਰੇ ਉਪਾਅ ਕੀਤੇ ਜਾਣੇ ਚਾਹੀਦੇ ਹਨ। ਸੀਐਮ ਨੇ ਕਿਹਾ ਕਿ ਕੋਰੋਨਾ ਇਨਫੈਕਸ਼ਨ ਤੋਂ ਬਚਾਅ 'ਚ ਵੈਕਸੀਨੇਸ਼ਨ ਦੀ ਅਹਿਮ ਭੂਮਿਕਾ ਹੈ। ਮੌਜੂਦਾ 'ਚ 18 ਤੋਂ 44 ਸਾਲ ਉਮਰ ਵਰਗ ਦਾ ਟੀਕਾਕਰਨ ਵੀ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕੁਲਪਤੀ ਨੂੰ ਕਿਹਾ ਕਿ ਇਸ ਟੀਕਾਕਰਨ 'ਚ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਸਹਿਯੋਗ ਕਰੇਗਾ।
ਕੁਲਪਤੀ ਨੇ ICMR ਨੂੰ ਲਿਖੀ ਚਿੱਠੀ
AMU 'ਚ ਅਧਿਆਪਕਾਂ, ਸੇਵਾ ਮੁਕਤ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਦੀ ਕੋਵਿਡ-19 ਤੇ ਉਸ ਦੇ ਲੱਛਣਾਂ ਨਾਲ ਹੋਣ ਵਾਲੀਆਂ ਮੌਤਾਂ ਤੋਂ ਚਿੰਤਤ ਕੁਲਪਤੀ ਪ੍ਰੋਫੈਸਰ ਮੰਸੂਰ ਨੇ ਐਤਵਾਰ ICMR ਦੇ ਮਹਾਂਨਿਰਦੇਸ਼ਕ ਨੂੰ ਚਿੱਠੀ ਲਿਖ ਕੇ ਯੂਨੀਵਰਸਿਟੀ ਤੇ ਉਸ ਦੇ ਆਸਪਾਸ ਦੇ ਵਾਤਾਵਰਣ 'ਚ ਵਾਇਰਸ ਦੇ ਵੇਰੀਏਂਟ ਦੀ ਜਾਂਚ ਕਰਾਉਣ ਦੀ ਅਪੀਲ ਕੀਤੀ ਸੀ। ਆਈਸੀਐਮਆਰ ਦੇ ਮਹਾਂ ਨਿਰਦੇਸ਼ਕ ਨੂੰ ਐਤਵਾਰ ਭੇਜੀ ਚਿੱਠੀ 'ਚ ਕੁਲਪਤੀ ਪ੍ਰੋਫੈਸਰ ਮੰਸੂਰ ਨੇ ਅਸ਼ੰਕਾ ਜਤਾਇਆ ਕਿ ਏਐਮਯੂ ਤੇ ਆਸਪਾਸ ਦੇ ਇਲਾਕਿਆਂ 'ਚ ਕੋਰੋਨਾ ਵਾਇਰਸ ਦੇ ਇਕ ਵਿਸ਼ੇਸ਼ ਵੇਰੀਏਂਟ ਨਾਲ ਹੋਣ ਵਾਲੀ ਇਨਫੈਕਸ਼ਨ ਦੇ ਕਾਰਨ ਮੌਤਾਂ ਹੋ ਰਹੀਆਂ ਹਨ।