ਨਵੀਂ ਦਿੱਲੀ: ਕਿਸਾਨ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਦਿੱਲੀ ਦੇ ਸਿੰਘੂ ਬਾਰਡਰ ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। TDI ਸਿਟੀ ਦੇ ਸਾਹਮਣੇ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 32 ਸਾਲਾ ਅਜੈ ਪਿੰਡ ਬਰੋਦਾ ਸੋਨੀਪਤ ਵਜੋਂ ਹੋਈ ਹੈ। ਅਜੈ ਕੋਲ ਇੱਕ ਏਕੜ ਜ਼ਮੀਨ ਸੀ ਤੇ ਉਹ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਅਜੈ ਦੀ ਮੌਤ ਠੰਢ ਲੱਗਣ ਨਾਲ ਹੋਈ ਹੈ। ਪਰਿਵਾਰ ਅਨੁਸਾਰ ਅਜੈ ਰਾਤ ਦੇ ਖਾਣੇ ਤੋਂ ਬਾਅਦ ਸੌਂ ਗਿਆ ਪਰ ਸਵੇਰੇ ਉੱਠਿਆ ਨਹੀਂ। ਕੁੰਡਲੀ ਥਾਣੇ ਦੀ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸੋਨੀਪਤ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।