ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੱਜ ‘ਭਾਰਤ ਬੰਦ’ ਦਾ ਖਾਸਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸ ਦਾ ਦਬਾਅ ਮੋਦੀ ਸਰਕਾਰ ਉੱਪਰ ਵੀ ਨਜ਼ਰ ਆ ਰਿਹਾ ਹੈ। ਅੱਜ ਦੇ ਬੰਦ ਮਗਰੋਂ ਮੋਦੀ ਸਰਕਾਰ ਕੱਲ੍ਹ ਹੋਣ ਜਾ ਰਹੀ ਮੀਟਿੰਗ ਵਿੱਚ ਕਿਸਾਨਾਂ ਨੂੰ ਵੱਡੀ ਪੇਸ਼ਕਸ਼ ਦੇ ਸਕਦੀ ਹੈ। ਸਰਕਾਰੀ ਸੂਤਰਾਂ ਨੇ ਸੰਕੇਤ ਦਿੱਤੇ ਹਨ ਕਿ ਕੱਲ੍ਹ ਮਾਮਲੇ ਦਾ ਹੱਲ ਕੱਢ ਲਿਆ ਜਾਏਗਾ।


ਹਾਸਲ ਰਿਪੋਰਟਾਂ ਮੁਤਾਬਕ ਰਾਜਧਾਨੀ ਦਿੱਲੀ, ਹਰਿਆਣਾ ਤੇ ਪੰਜਾਬ ਸਣੇ ਕਈ ਰਾਜਾਂ ਵਿੱਚ ਕਿਸਾਨ ਜੱਥੇਬੰਦੀਆਂ ਤੇ ਵਿਰੋਧੀ ਪਾਰਟੀਆਂ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਅਖਿਲ ਭਾਰਤੀ ਕਿਸਾਨ ਸਭਾ ਨੇ ਕਿਹਾ ਕਿ ‘ਭਾਰਤ ਬੰਦ’ ਕਿਸਾਨਾਂ ਦੀ ਤਾਕਤ ਦਰਸਾਉਣ ਦਾ ਇੱਕ ਤਰੀਕਾ ਹੈ ਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਦੇਸ਼ ਭਰ ਦੇ ਲੋਕਾਂ ਦਾ ਸਮਰਥਨ ਮਿਲਿਆ ਹੈ। ਜਾਣੋ ਬੰਦ ਦਾ ਅਸਰ ਦਿੱਲੀ ਤੇ ਦੇਸ਼ ਦੇ ਹੋਰ ਰਾਜਾਂ ਵਿੱਚ ਕਿਵੇਂ ਹੋ ਰਿਹਾ ਹੈ।


ਪੰਜਾਬ ਵਿੱਚ ਦੁਕਾਨਾਂ, ਵਪਾਰਕ ਅਦਾਰੇ ਬੰਦ:

ਪੰਜਾਬ ਵਿੱਚ ਕਈ ਥਾਵਾਂ 'ਤੇ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹੇ। ਰਾਜ ਵਿੱਚ ਪੈਟਰੋਲ ਡੀਲਰਾਂ ਨੇ ਵੀ ਬੰਦ ਦੇ ਸਮਰਥਨ ਵਿੱਚ ਪੈਟਰੋਲ ਪੰਪ ਬੰਦ ਕੀਤੇ। ਗੁਆਂਢੀ ਸੂਬੇ ਹਰਿਆਣਾ 'ਚ ਵਿਰੋਧੀ ਕਾਂਗਰਸ ਤੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਭਾਰਤ ਬੰਦ ਦਾ ਸਮਰਥਨ ਕੀਤਾ। ਦੋਵਾਂ ਰਾਜਾਂ ਵਿੱਚ ਕਿਸਾਨ ਸਵੇਰ ਤੋਂ ਹੀ ਰਾਜ ਮਾਰਗਾਂ ਤੇ ਹੋਰ ਮਹੱਤਵਪੂਰਨ ਮਾਰਗਾਂ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦੋਵਾਂ ਰਾਜਾਂ 'ਚ ਕਾਫ਼ੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।


ਸਪਾ ਕਾਰਕੁਨਾਂ ਨੇ ਪ੍ਰਿਆਗਰਾਜ 'ਚ ਰੋਕੀਆਂ ਟ੍ਰੇਨਾਂ:

'ਭਾਰਤ ਬੰਦ' ਦੇ ਸੱਦੇ ਦੇ ਮੱਦੇਨਜ਼ਰ ਯੂਪੀ ਦੇ ਪ੍ਰਿਆਗਰਾਜ ਸਟੇਸ਼ਨ ‘ਤੇ ਬੁੰਦੇਲਖੰਡ ਐਕਸਪ੍ਰੈਸ ਰੇਲਗੱਡੀ ਨੂੰ ਰੋਕਿਆ ਤੇ ਪੱਟੜੀਆਂ 'ਤੇ ਲੰਮੇ ਪੈ ਕੇ ਨਾਅਰੇਬਾਜ਼ੀ ਕੀਤੀ। ਜਦੋਂ ਬੁੰਦੇਲਖੰਡ ਐਕਸਪ੍ਰੈਸ ਟ੍ਰੇਨ ਪ੍ਰਯਾਗਰਾਜ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਉੱਥੇ ਮੌਜੂਦ ਕੁਝ ਲੋਕ ਟ੍ਰੇਨ ਦੇ ਇੰਜਨ ਦੇ ਸਾਹਮਣੇ ਆ ਗਏ। ਪੁਲਿਸ ਨੇ ਉਨ੍ਹਾਂ ਨੂੰ ਉਥੋਂ ਹਟਾ ਦਿੱਤਾ ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਰੇਲਗੱਡੀ ਰਵਾਨਾ ਕਰ ਦਿੱਤੀ ਗਈ।


ਮਹਾਰਾਸ਼ਟਰ ਵਿੱਚ ਕਿਸਾਨਾਂ ਨੇ ਰੇਲ ਗੱਡੀਆਂ ਰੋਕੀਆਂ:

ਕਿਸਾਨ ਸੰਗਠਨਾਂ ਨੇ ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਵਿੱਚ ਟ੍ਰੇਨ ਰੋਕ ਦਿੱਤੀ। 'ਸਵਾਭਿਮਾਨੀ ਸ਼ੇਤਕਾਰੀ ਸੰਗਠਨ' ਦੇ ਮੈਂਬਰਾਂ ਨੇ ਬੁਲਢਾਨਾ ਜ਼ਿਲ੍ਹੇ ਦੇ ਮਲਕਾਪੁਰ ਸਟੇਸ਼ਨ 'ਤੇ ਚੇਨਈ-ਅਹਿਮਦਾਬਾਦ ਨਵਜੀਵਨ ਐਕਸਪ੍ਰੈਸ ਨੂੰ ਰੋਕ ਕੇ ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਕ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਟਰੈਕਾਂ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਤੋਂ ਬਾਅਦ, ਪੁਲਿਸ ਨੇ ਸੰਗਠਨ ਦੇ ਨੇਤਾ ਰਵੀਕਾਂਤ ਤੁਪਕਾਰ ਤੇ ਉਸ ਦੇ ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ।




ਭਾਰਤ ਬੰਦ ਨੂੰ ਸ਼ਿਵ ਸੈਨਾ, ਐਨਸੀਪੀ ਤੇ ਕਾਂਗਰਸ ਦਾ ਸਮਰਥਨ ਮਿਲਿਆ:

ਸ਼ਿਵ ਸੈਨਾ, ਐਨਸੀਪੀ ਤੇ ਕਾਂਗਰਸ ਮਹਾਰਾਸ਼ਟਰ ਵਿੱਚ ਬੰਦ ਦਾ ਸਮਰਥਨ ਕਰ ਰਹੀਆਂ ਹਨ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੀਤਾ ਗਿਆ ‘ਭਾਰਤ ਬੰਦ’ ਸੱਦਾ ਗੈਰ ਰਾਜਨੀਤਿਕ ਹੈ ਤੇ ਦੇਸ਼ ਦੇ ਲੋਕਾਂ ਨੂੰ ਸਵੈ-ਇੱਛਾ ਨਾਲ ਇਸ 'ਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਦਾ ਸਮਰਥਨ ਦਿਖਾਇਆ ਜਾ ਸਕੇ।


ਗੁਜਰਾਤ ਵਿੱਚ ਪ੍ਰਦਰਸ਼ਨਕਾਰੀਆਂ ਨੇ ਭਾਰਤ ਬੰਦ ਦੇ ਸਮਰਥਨ ਵਿੱਚ ਤਿੰਨ ਹਾਈਵੇਅ ਜਾਮ ਕਰ ਦਿੱਤੇ:

ਪ੍ਰਦਰਸ਼ਨਕਾਰੀਆਂ ਨੇ ਗੁਜਰਾਤ ਦੇ ਦਿਹਾਤੀ ਇਲਾਕਿਆਂ ਵਿੱਚ ਤਿੰਨ ਹਾਈਵੇਅ ਜਾਮ ਕਰ ਦਿੱਤੇ ਅਤੇ ਸੜਕਾਂ 'ਤੇ ਟਾਇਰ ਪਾ ਦਿੱਤੇ। ਇਸ ਨਾਲ ਰਸਤੇ 'ਚ ਵਾਹਨਾਂ ਦੀ ਆਵਾਜਾਈ ਪ੍ਰਭਾਵਤ ਹੋਈ। ਪ੍ਰਦਰਸ਼ਨਕਾਰੀਆਂ ਦੇ ਇੱਕ ਹੋਰ ਸਮੂਹ ਨੇ ਵਡੋਦਰਾ ਵਿੱਚ ਰਾਸ਼ਟਰੀ ਰਾਜ ਮਾਰਗ ਜਾਮ ਕਰ ਦਿੱਤਾ। ਇੱਕ ਹੋਰ ਮਾਮਲੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਨੰਦੇਲਵ ਨੇੜੇ ਭਾਰੂਚ ਅਤੇ ਦਹੇਜ ਨੂੰ ਜੋੜਨ ਵਾਲੇ ਹਾਈਵੇ ਨੂੰ ਜਾਮ ਕਰ ਦਿੱਤਾ।


ਅੰਨਾ ਹਜ਼ਾਰੇ ਇਕ ਦਿਨ ਦੇ ਵਰਤ 'ਤੇ ਬੈਠੇ:

ਕਿਸਾਨਾਂ ਦੇ ਸਮਰਥਨ 'ਚ ਸਮਾਜ ਸੇਵੀ ਅੰਨਾ ਹਜ਼ਾਰੇ ਇਕ ਦਿਨ ਦੇ ਵਰਤ 'ਤੇ ਬੈਠੇ ਹਨ। ਹਜ਼ਾਰੇ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਅੰਦੋਲਨ ਹੋਣਾ ਚਾਹੀਦਾ ਹੈ ਤਾਂ ਜੋ ਸਰਕਾਰ ‘ਤੇ ਦਬਾਅ ਹੋਵੇ ਅਤੇ ਉਨ੍ਹਾਂ ਨੂੰ ਕਿਸਾਨਾਂ ਦੇ ਹਿੱਤ ਵਿੱਚ ਕਦਮ ਚੁੱਕਣੇ ਚਾਹੀਦੇ ਹਨ।


ਗੋਆ ਵਿੱਚ ਜਨਤਕ ਆਵਾਜਾਈ ਆਮ ਰਹੀ, ਬਾਜ਼ਾਰ ਵੀ ਖੁੱਲ੍ਹੇ:

ਭਾਜਪਾ ਸ਼ਾਸਤ ਗੋਆ ਵਿੱਚ ਸਵੇਰ ਤੋਂ ਬਾਜ਼ਾਰ ਖੁੱਲੇ ਰਹੇ ਅਤੇ ਜਨਤਕ ਆਵਾਜਾਈ ਵੀ ਆਮ ਰਹੀ। ਵੱਖ-ਵੱਖ ਪਾਰਟੀਆਂ ਨੇ ਕੇਂਦਰ ਵੱਲੋਂ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਬੁਲਾਏ ਗਏ ‘ਭਾਰਤ ਬੰਦ’ ਦਾ ਸਮਰਥਨ ਕੀਤਾ ਹੈ। ਵਿਦਿਅਕ ਅਦਾਰਿਆਂ ਦਾ ਕੰਮਕਾਜ ਵੀ ਆਮ ਹੈ। ਬਾਜ਼ਾਰ ਖੁੱਲੇ ਹਨ ਅਤੇ ਜਨਤਕ ਆਵਾਜਾਈ ਦੂਜੇ ਦਿਨਾਂ ਦੀ ਤਰ੍ਹਾਂ ਆਮ ਹੈ। ਰਾਜ ਦੇ ਥਾਣਿਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਪਰ ਹੁਣ ਤੱਕ ਕਿਧਰੇ ਵੀ ਵਿਰੋਧ ਪ੍ਰਦਰਸ਼ਨ ਦੀ ਕੋਈ ਖ਼ਬਰ ਨਹੀਂ ਆਈ ਹੈ।


ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ 'ਚ ਪ੍ਰਦਰਸ਼ਨ:

ਹੋਸ਼ੰਗਾਬਾਦ ਦੇ ਸਿਓਨੀ-ਮਾਲਵਾ ਖੇਤਰ ਵਿੱਚ ‘ਭਾਰਤ ਬੰਦ’ ਦੇ ਸਮਰਥਨ ਵਿੱਚ ਐਮਪੀ ਦੇ ਹੋਸ਼ੰਗਾਬਾਦ ਜ਼ਿਲ੍ਹੇ ਵਿੱਚ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤਾ। ਇਨਕਲਾਬੀ ਕਿਸਾਨ ਮਜ਼ਦੂਰ ਸੰਗਠਨ ਦੀ ਅਗਵਾਈ 'ਚ ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਰਾਜ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਖਬਰ ਨਹੀਂ ਮਿਲੀ ਹੈ।


ਖੱਬੇ ਪੱਖੀ ਸਮਰਥਕਾਂ ਨੇ ਬੰਗਾਲ 'ਚ ਸੜਕਾਂ, ਰੇਲ ਪੱਟੜੀਆਂ ਕੀਤੀਆਂ ਜਾਮ:

 ਕਿਸਾਨਾਂ ਅਤੇ ਖੱਬੀਆਂ ਪਾਰਟੀਆਂ ਦੇ ਸਮਰਥਕਾਂ ਨੇ ਰਾਜ 'ਚ ਕਈ ਥਾਵਾਂ ਤੇ ਰੇਲ ਪੱਟੜੀਆਂ ਜਾਮ ਕਰ ਦਿੱਤੀਆਂ ਅਤੇ ਧਰਨੇ ਦਿੱਤੇ। ਰਾਜ ਵਿੱਚ ਨਿੱਜੀ ਵਾਹਨ ਸੜਕਾਂ 'ਤੇ ਗਾਇਬ ਹੀ ਰਹੇ ਅਤੇ ਜਨਤਕ ਵਾਹਨ ਜਿਵੇਂ ਕਿ ਬੱਸਾਂ, ਟੈਕਸੀਆਂ ਆਮ ਨਾਲੋਂ ਘੱਟ ਹਨ। ਉਥੇ ਹੀ ਕਾਂਗਰਸ ਦੇ ਸਮਰਥਕਾਂ ਨੇ ਸੜਕਾਂ 'ਤੇ ਜਾਮ ਲਗਾ ਦਿੱਤਾ, ਜਿੱਥੇ ਪੁਲਿਸ ਉਨ੍ਹਾਂ ਨੂੰ ਵਾਹਨਾਂ ਦੀ ਆਵਾਜਾਈ 'ਚ ਵਿਘਨ ਨਾ ਪਾਉਣ ਲਈ ਕਹਿੰਦੀ ਦਿਖਾਈ ਦਿੱਤੀ।


ਛੱਤੀਸਗੜ੍ਹ ਵਿੱਚ ‘ਭਾਰਤ ਬੰਦ’ ਦਾ ਵਿਆਪਕ ਪ੍ਰਭਾਵ:

‘ਭਾਰਤ ਬੰਦ’ ਦੇ ਮੱਦੇਨਜ਼ਰ ਮੰਗਲਵਾਰ ਨੂੰ ਛੱਤੀਸਗੜ੍ਹ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਵਿੱਚ ਕਾਰੋਬਾਰੀ ਅਦਾਰੇ ਬੰਦ ਰਹੇ। ਛੱਤੀਸਗੜ੍ਹ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਨੇ ਭਾਰਤ ਬੰਦ ਦਾ ਸਮਰਥਨ ਕੀਤਾ ਹੈ। ਹਾਕਮ ਧਿਰ ਦੇ ਆਗੂ ਅਤੇ ਵਰਕਰ ਬੰਦ ਨੂੰ ਸਫਲ ਬਣਾਉਣ ਲਈ ਸੜਕ ’ਤੇ ਉਤਰ ਆਏ ਅਤੇ ਲੋਕਾਂ ਨੂੰ ਸਮਰਥਨ ਦੀ ਬੇਨਤੀ ਕੀਤੀ। ਰਾਜ ਦੇ ਛੱਤੀਸਗੜ ਚੈਂਬਰ ਆਫ ਕਾਮਰਸ ਅਤੇ ਉਦਯੋਗਾਂ ਨੇ ਬੰਦ ਦਾ ਸਮਰਥਨ ਕੀਤਾ ਹੈ।


ਭਾਰਤ ਬੰਦ ਦਾ ਸ਼ੁਰੂਆਤੀ ਅਸਰ ਰਾਜਸਥਾਨ ਵਿੱਚ ਮਿਲੀ-ਜੁਲਿਆ ਰਿਹਾ:

ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਬੰਦ ਦਾ ਅਸਰ ਮਿਲੀ-ਜੁਲਿਆ ਰਿਹਾ। ਰਾਜ ਵਿੱਚ ਅਨਾਜ ਦੀਆਂ ਮੰਡੀਆਂ ਅਤੇ ਪ੍ਰਮੁੱਖ ਬਾਜ਼ਾਰ ਬੰਦ ਰਹੇ, ਪਰ ਕੁਝ ਥਾਵਾਂ ’ਤੇ ਬਾਜ਼ਾਰਾਂ ਦੀਆਂ ਕੁਝ ਦੁਕਾਨਾਂ ਆਮ ਦਿਨਾਂ ਵਾਂਗ ਖੁੱਲੀਆਂ ਰਹੀਆਂ। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਆਮ ਦਿਨਾਂ ਵਾਂਗ ਸਵੇਰੇ ਕਈ ਥਾਵਾਂ 'ਤੇ ਦੁਕਾਨਾਂ ਖੁੱਲ੍ਹ ਗਈਆਂ।