ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਦਿੱਤੇ ਗਏ 'ਭਾਰਤ ਬੰਦ' (Bharat Bandh) ਦੇ ਸੱਦੇ ਦਾ ਅਸਰ ਹੁਣ ਦਿਖਣ ਲੱਗਿਆ ਹੈ। ਕਈ ਸੂਬਿਆਂ 'ਚ ਵਿਰੋਧੀ ਪਾਰਟੀਆਂ ਨੇ ਧਰਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਕਈ ਥਾਂ ਰੇਲਾਂ ਰੋਕ ਕੇ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਥਾਂ ਸੜਕਾਂ ਜਾਮ ਕਰਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ।


ਪੰਜਾਬ - ਭਾਰਤ ਬੰਦ ਦੇ ਸਮਰਥਨ ਵਿੱਚ ਦੁਕਾਨਾਂ ਬੰਦ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ, "ਦੁਕਾਨਾਂ ਲਗਪਗ ਬੰਦ ਹਨ, ਐਮਰਜੈਂਸੀ ਸੇਵਾ ਬਹਾਲ ਹੈ। ਲੋਕ ਆਪਣੀ ਮਰਜ਼ੀ ਨਾਲ ਸ਼ਟਰ ਬੰਦ ਕਰ ਰਹੇ ਹਨ।"

ਉੱਤਰ ਪ੍ਰਦੇਸ਼ - ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਕਿਸਾਨਾਂ ਦੇ ਭਾਰਤ ਬੰਦ ਦੇ ਸਮਰਥਨ ਵਿੱਚ ਪ੍ਰਿਆਗਰਾਜ ਵਿੱਚ ਰੇਲ ਰੋਕ ਦਿੱਤੀ। ਮਜ਼ਦੂਰ ਰੇਲ ਪਟੜੀਆਂ 'ਤੇ ਨਾਅਰੇਬਾਜ਼ੀ ਕਰ ਰਹੇ ਹਨ।

ਆਂਧਰਾ ਪ੍ਰਦੇਸ਼ - ਖੱਬੇ ਪੱਖੀ ਪਾਰਟੀਆਂ ਨੇ ਆਂਧਰਾ ਪ੍ਰਦੇਸ਼ ਵਿੱਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਬੁਲਾਏ ਗਏ 'ਭਾਰਤ ਬੰਦ' ਦੇ ਸਮਰਥਨ ਵਿੱਚ ਵਿਸ਼ਾਖਾਪਟਨਮ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।

ਪੱਛਮੀ ਬੰਗਾਲ - ਰਾਜਧਾਨੀ ਕੋਲਕਾਤਾ ਵਿੱਚ 'ਭਾਰਤ ਬੰਦ' ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੀਆਂ ਖੱਬੇ ਪੱਖੀ ਪਾਰਟੀਆਂ ਨੇ ਜਾਧਵਪੁਰ ਵਿੱਚ ਰੇਲ ਰੋਕੀ।

ਕਰਨਾਟਕ- ਕਾਂਗਰਸ ਵਰਕਰਾਂ ਨੇ ਬੰਗਲੁਰੂ ਵਿੱਚ ਕਿਸਾਨਾਂ ਦੇ 'ਭਾਰਤ ਬੰਦ' ਦੇ ਸਮਰਥਨ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ।

ਬਿਹਾਰ- ਹਾਜੀਪੁਰ, ਜਹਾਨਾਬਾਦ, ਖਗੜੀਆ, ਦਰਭੰਗਾ ਤੇ ਹੋਰ ਜ਼ਿਲ੍ਹਿਆਂ ਵਿੱਚ, ਕਿਸਾਨ ਅਤੇ ਵਿਸ਼ਾਲ ਗੱਠਜੋੜ ਦੇ ਵਰਕਰ ਸਵੇਰੇ ਤੋਂ ਹੀ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਤੇ ਬੰਦ ਨੂੰ ਸਫਲ ਬਣਾਉਣ ਲਈ ਸੜਕਾਂ ਤੇ ਜੁਟੇ ਹੋਏ ਹਨ।

ਤੇਲੰਗਾਨਾ- ਤੇਲੰਗਾਨਾ ਦੇ ਕਾਮਰੇਡੀ ਵਿੱਚ ਸੜਕ ਆਵਾਜਾਈ ਨਿਗਮ ਦੇ ਕਰਮਚਾਰੀ ਭਾਰਤ ਬੰਦ ਨੂੰ ਆਪਣਾ ਸਮਰਥਨ ਦੇ ਰਹੇ ਹਨ। ਇਕ ਬੱਸ ਚਾਲਕ ਕਹਿੰਦਾ ਹੈ, "ਅਸੀਂ ਆਰਟੀਸੀ ਦੇ ਕਰਮਚਾਰੀ ਇਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ। ਕਿਸਾਨਾਂ ਨਾਲ ਕੋਈ ਬੇਇਨਸਾਫੀ ਨਹੀਂ ਹੋਣੀ ਚਾਹੀਦੀ।"

ਉਧਰ ਕਿਸਾਨਾਂ ਦਾ ਦਿੱਲੀ 'ਚ ਪ੍ਰਦਰਸ਼ਨ 13ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਦਿੱਲੀ ਪੁਲਿਸ ਨੇ ਦਿੱਲੀ ਦੀਆਂ ਸਰਹੱਦਾਂ ਤੇ ਸੁਰੱਖਿਆ ਵਧਾ ਦਿੱਤੀ ਹੈ।