Anurag Thakur On Congress-NC: ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਧਾਰਾ 370 ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਇਸ ਮਾਮਲੇ 'ਤੇ ਵੀਰਵਾਰ (19 ਸਤੰਬਰ) ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ(Khawaja Asif)ਨੇ ਕਿਹਾ ਕਿ ਪਾਕਿਸਤਾਨ ਅਤੇ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਕਸ਼ਮੀਰ 'ਚ ਧਾਰਾ 370 ਅਤੇ 35ਏ ਦੀ ਬਹਾਲੀ ਲਈ ਇਕੱਠੇ ਹਨ।
ਪਾਕਿਸਤਾਨੀ ਰੱਖਿਆ ਮੰਤਰੀ ਦੇ ਇਸ ਬਿਆਨ ਬਾਰੇ ਭਾਜਪਾ ਸੰਸਦ ਅਨੁਰਾਗ ਠਾਕੁਰ ਨੇ ਕਿਹਾ, 'ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਬਿਆਨ ਤੋਂ ਸਾਫ਼ ਹੈ ਕਿ ਕਾਂਗਰਸ, ਪਾਕਿਸਤਾਨ ਤੇ ਐਨਸੀ ਦੇ ਇਰਾਦੇ, ਏਜੰਡਾ ਅਤੇ ਮਾਨਸਿਕਤਾ ਇੱਕੋ ਜਿਹੀ ਹੈ।
ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਭਾਜਪਾ ਸੰਸਦ ਅਨੁਰਾਗ ਠਾਕੁਰ(Anurag Thakur) ਨੇ ਕਿਹਾ, ''ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਬਿਆਨ ਤੋਂ ਇੱਕ ਵਾਰ ਫਿਰ ਸਪੱਸ਼ਟ ਹੋ ਜਾਂਦਾ ਹੈ ਕਿ ਪਾਕਿਸਤਾਨ, ਕਾਂਗਰਸ ਅਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਇਰਾਦੇ, ਏਜੰਡਾ ਅਤੇ ਸੋਚ ਇਕ ਹੀ ਹੈ।'' ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਲੈ ਕੇ ਕਾਂਗਰਸ ਤੇ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਨੂੰ ਪਾਕਿਸਤਾਨ ਦੇ ਰੱਖਿਆ ਮੰਤਰੀ ਵੱਲੋਂ ਦਿੱਤੇ ਸਮਰਥਨ ਨੇ ਕਾਂਗਰਸ ਦਾ ਚਿਹਰਾ ਲੋਕਾਂ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਹੈ, ਆਖ਼ਰ ਰਾਹੁਲ ਗਾਂਧੀ ਉਨ੍ਹਾਂ ਲੋਕਾਂ ਦੇ ਨਾਲ ਕਿਉਂ ਖੜ੍ਹੇ ਹਨ ਜੋ ਇਸ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਸੋਚ ਰਹੇ ਹਨ ?
ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਅੱਗੇ ਕਿਹਾ, 'ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਟੁਕੜੇ ਟੁਕੜੇ ਗੈਂਗ ਨੂੰ ਆਪਣੀ ਪਾਰਟੀ 'ਚ ਕਿਉਂ ਸ਼ਾਮਲ ਕਰਦੇ ਹਨ ? ਕੀ ਦੇਸ਼ ਉਸ ਨੂੰ ਅੱਜ ਦੇ ਜਿੰਨਾਹ ਵਜੋਂ ਦੇਖ ਰਿਹਾ ਹੈ? ਕੀ ਰਾਹੁਲ ਗਾਂਧੀ 'ਚ ਜਿੰਨਾਹ ਦਾ ਜਿੰਨ ਆ ਗਿਆ ਹੈ ? ਜੰਮੂ-ਕਸ਼ਮੀਰ ਵਿੱਚ ਨਹਿਰੂ ਦੀ ਸਭ ਤੋਂ ਵੱਡੀ ਗ਼ਲਤੀ ਸੀ, ਧਾਰਾ 370 ਜੋ ਕਿ ਮੋਦੀ ਨੇ ਖ਼ਤਮ ਕਰ ਦਿੱਤੀ ਹੈ। ਕੀ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਕਸ਼ਮੀਰ 'ਚ ਮੁੜ ਖੂਨ ਦੀਆਂ ਨਦੀਆਂ ਵਹਿਣ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :