ਨਵੀਂ ਦਿੱਲੀ: ਅਮਰੀਕਾ ਤੋਂ ਮੰਗਵਾਏ Apache AH-64E ਲੜਾਕੂ ਹੈਲੀਕਾਪਟਰਾਂ ਵਿੱਚੋਂ ਇੱਕ ਹੈਲੀਕਾਪਟਰ ਪੰਜਾਬ ਦੇ ਪਠਾਨਕੋਟ ਏਅਰ ਫੋਰਸ ਸਟੇਸ਼ਨ 'ਚ ਤਾਇਨਾਤ ਕੀਤਾ ਜਾਵੇਗਾ। ਇਹ ਹੈਲੀਕਾਪਟਰ ਮੱਧ ਜੁਲਾਈ ਤਕ ਭਾਰਤ ਪਹੁੰਚ ਸਕਦੇ ਹਨ ਤੇ ਹਵਾਈ ਫ਼ੌਜ ਪਾਕਿਸਤਾਨ ਨਾਲ ਕੌਮਾਂਤਰੀ ਸਰਹੱਦ ਦੇ ਨੇੜੇ ਪੰਜਾਬ ਵਿੱਚ ਇਸ ਨੂੰ ਤਾਇਨਾਤ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਪਠਾਨਕੋਟ ਵਿੱਚ ਸੋਵੀਅਤ/ਰੂਸੀ ਲੜਾਕੂ ਹੈਲੀਕਾਪਟਰ ਵੀ ਤਾਇਨਾਤ ਹਨ ਤੇ ਹੁਣ ਅਤਿ ਆਧੁਨਿਕ ਅਮਰੀਕੀ ਹੈਲੀਕਾਪਟਰ ਵੀ ਇੱਥੇ ਤਾਇਨਾਤ ਕੀਤਾ ਜਾ ਸਕਦਾ ਹੈ। ਭਾਰਤ ਨੇ ਅਮਰੀਕਾ ਤੇ ਹਵਾਈ ਜਹਾਜ਼ ਕੰਪਨੀ ਬੋਇੰਗ ਨਾਲ ਸਤੰਬਰ 2015 ਵਿੱਚ 22 ਅਪਾਚੇ ਹੈਲੀਕਾਪਟਰ ਖਰੀਦਣ ਦਾ ਕਰਾਰ ਕੀਤਾ ਸੀ। ਇਹ ਹੈਲੀਕਾਪਟਰ 21,000 ਫੁੱਟ ਦੀ ਉਚਾਈ ਤਕ ਉੱਡ ਸਕਦੇ ਹਨ ਤੇ ਆਪਣੇ ਨਾਲ ਖ਼ਤਰਨਾਕ ਹਥਿਆਰ ਵੀ ਚੁੱਕ ਸਕਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਲੜਾਕੂ ਉੱਡਣ ਖਟੋਲਿਆਂ ਵਿੱਚ ਉੱਚ ਕੋਟੀ ਦੇ ਉਪਕਰਨ ਵੀ ਲੱਗੇ ਹੋਏ ਹਨ।

ਅਪਾਚੇ ਹੈਲੀਕਾਪਟਰ ਦੁਸ਼ਮਣਾਂ 'ਤੇ ਸਟੀਕ ਨਿਸ਼ਾਨਾ ਲਾਉਣ ਦੇ ਨਾਲ-ਨਾਲ ਹਮਲਾ ਕਰਨ ਵਿੱਚ ਵੀ ਸਮਰਥ ਹੈ। ਇਸ ਦੀ ਮਦਦ ਨਾਲ ਜ਼ਮੀਨ 'ਤੇ ਹੋ ਰਹੀ ਕਾਰਵਾਈ ਦੀ ਫੋਟੋ ਵੀ ਲਈ ਜਾ ਸਕਦੀ ਹੈ। ਹੁਣ ਇਸ ਏਐਚ-64ਈ (ਆਈ) ਹੈਲੀਕਾਪਟਰ ਨੂੰ ਸਮੁੰਦਰੀ ਮਾਰਗ ਜ਼ਰੀਏ ਜੁਲਾਈ ਵਿੱਚ ਭਾਰਤ ਲਿਆਂਦਾ ਜਾਏਗਾ। ਇਸ ਨੂੰ ਭਾਰਤੀ ਫੌਜ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਬਣਾਇਆ ਗਿਆ ਹੈ।