ਸੀਬੀਆਈ ਨੇ 5,383 ਕਰੋੜ ਰੁਪਏ ਦੇ ਬੈਂਕ ਘੁਟਾਲੇ ਦੇ ਦੋਸ਼ 'ਚ ਸੰਦੇਸਰਾ ਸਮੂਹ ਦੀਆਂ ਕੰਪਨੀਆਂ ਤੇ ਉਸ ਦੇ ਪ੍ਰਮੋਟਰਾਂ ਵਿਰੁੱਧ ਅਕਤੂਬਰ 2017 'ਚ ਐੱਫਆਈਆਰ ਦਰਜ ਕੀਤੀ ਸੀ। ਉਸ ਤੋਂ ਬਾਅਦ ਈਡੀ ਨੇ ਵੀ ਇੱਕ ਐੱਫਆਈਆਰ ਦਰਜ ਕੀਤੀ। ਈਡੀ ਦੀ ਜਾਂਚ 'ਚ ਪਤਾ ਲੱਗਾ ਕਿ ਸੰਦੇਸਰਾ ਸਮੂਹ ਦੀਆਂ ਵਿਦੇਸ਼ਾਂ ਵਿੱਚ ਸਥਿਤ ਕੰਪਨੀਆਂ ਨੇ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਤੋਂ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ।
ਸੰਦੇਸਰਾ ਸਮੂਹ ਨੇ ਬੈਂਕਾਂ ਤੋਂ ਭਾਰਤੀ ਰੁਪਏ ਦੇ ਨਾਲ-ਨਾਲ ਵਿਦੇਸ਼ੀ ਕਰੰਸੀ 'ਚ ਵੀ ਕਰਜ਼ਾ ਲਿਆ। ਸਮੂਹ ਦੀਆਂ ਕੰਪਨੀਆਂ ਨੂੰ ਆਂਧਰਾ ਬੈਂਕ, ਯੂਕੋ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ), ਇਲਾਹਾਬਾਦ ਬੈਂਕ ਤੇ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਕੰਸੋਰਟੀਅਮ ਨੇ ਕਰਜ਼ਾ ਪਾਸ ਕੀਤਾ।
ਈਡੀ ਮੁਤਾਬਕ ਕਰਜ਼ੇ ਤੋਂ ਮਿਲੀ ਰਕਮ ਬਿਨਾਂ ਪ੍ਰਵਾਨਗੀ ਵਰਤੀ ਗਈ ਤੇ ਕੁਝ ਰਕਮ ਨੂੰ ਫ਼ਰਜ਼ੀ ਦੇਸੀ-ਵਿਦੇਸ਼ੀ ਸੰਸਥਾਵਾਂ ਜ਼ਰੀਏ ਇੱਧਰੋਂ-ਓਧਰ ਟਰਾਂਸਫਰ ਕੀਤਾ ਗਿਆ। ਮੁੱਖ ਪ੍ਰਮੋਟਰਾਂ ਨੇ ਕਰਜ਼ੇ ਦੀ ਰਕਮ ਨਾ ਕੇਵਲ ਨਾਈਜੀਰੀਆ 'ਚ ਆਪਣੇ ਤੇਲ ਕਾਰੋਬਾਰ 'ਚ ਨਿਵੇਸ਼ ਕੀਤੀ ਬਲਕਿ ਇਸ ਦੀ ਨਿੱਜੀ ਉਦੇਸ਼ 'ਚ ਵੀ ਵਰਤੋਂ ਕੀਤੀ।
ਈਡੀ ਨੇ 27 ਜੂਨ ਨੂੰ ਐੱਸਬੀਐੱਲ-ਸੰਦੇਸਰਾ ਸਮੂਹ ਦੀਆਂ ਕਰੀਬ 9,778 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ। ਸੰਦੇਸਰਾ ਦੀਆਂ ਵਿਦੇਸ਼ ਸਥਿਤ ਜ਼ਬਤ ਦਾਇਦਾਦਾਂ 'ਚ ਇਕ ਨਿੱਜੀ ਜਹਾਜ਼, ਚਾਰ ਜਹਾਜ਼, ਕੱਚਾ ਤੇਲ ਕੱਢਣ ਵਾਲੇ ਚਾਰ ਪਲੇਟਫਾਰਮ (ਰਿਗਜ਼), ਇੱਕ ਆਇਲ ਫੀਲਡ ਤੇ ਲੰਡਨ ਸਥਿਤ ਇਕ ਫਲੈਟ ਸ਼ਾਮਲ ਹਨ। 200 ਗਲਫਸਟ੍ਰੀਮ ਜਹਾਜ਼ ਅਮਰੀਕਾ 'ਚ ਰਜਿਸਟਰਡ ਹਨ। ਤੁਲਜਾ ਭਵਾਨੀ, ਵਰਿੰਦਾ, ਭਾਵਿਆ ਤੇ ਬ੍ਰਾਹਮਣੀ ਨਾਂ ਦੇ ਚਾਰ ਜਹਾਜ਼ ਪਨਾਮਾ ਵਿੱਚ ਰਜਿਸਟਰਡ ਹਨ। ਚਾਰ ਆਇਲ ਰਿਗਜ਼ ਤੇ ਆਇਲ ਫੀਲਡ ਨਾਈਜੀਰੀਆ ਵਿੱਚ ਹਨ।
ਨਿਤਿਨ ਸੰਦੇਸਰਾ, ਚੇਤਨ ਸੰਦੇਸਰਾ ਤੇ ਦੀਪਤੀ ਸੰਦੇਸਰਾ ਸਟਰਲਿੰਗ ਬਾਇਟੈੱਕ ਲਿਮ. ਜਾਂ ਸੰਦੇਸਰਾ ਸਮੂਹ ਦੇ ਪ੍ਰਮੁੱਖ ਪ੍ਰਮੋਟਰ ਹਨ। ਨਿਤਿਨ ਵਿਦੇਸ਼ ਵਿਚ ਕਾਰੋਬਾਰ ਸੰਭਾਲਦਾ ਹੈ ਜਦਕਿ ਚੇਤਨ ਵਡੋਦਰਾ, ਮੁੰਬਈ, ਦਿੱਲੀ ਤੇ ਮਸੂਰੀ ਦੇ ਦਫ਼ਤਰਾਂ ਦਾ ਕੰਮਕਾਰ ਵੇਖਦਾ ਹੈ।