ਅੰਮ੍ਰਿਤਸਰ: ਗ੍ਰਨੇਡ ਹਮਲੇ ਸਬੰਧੀ ‘ਆਪ’ ਵਿਧਾਇਕ ਐਸਐਚ ਫੂਲਕਾ ਦੇ ਬਿਆਨ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਹਾਲਾਂਕਿ ਫੂਲਕਾ ਨੇ ਆਪਣੇ ਬਿਆਨ ਤੋਂ ਬਾਅਦ ਮਾਫੀ ਮੰਗ ਲਈ ਹੈ ਪਰ ‘ਆਪ’ ਲੀਡਰ ਸੰਜੈ ਸਿੰਘ ਉਨ੍ਹਾਂ ਦੀ ਹਮਾਇਤ ਵਿੱਚ ਨਿੱਤਰ ਆਏ ਹਨ। ਫੂਲਕਾ ਨੇ ਹਮਲੇ ਸਬੰਧੀ ਫੌਜ ਮੁਖੀ ਬਿਪਿਨ ਰਾਵਤ ’ਤੇ ਇਲਜ਼ਾਮ ਲਾਏ ਸੀ ਜਿਸ ’ਤੇ ਇਤਰਾਜ਼ ਜਤਾਇਆ ਜਾ ਰਿਹਾ ਸੀ।

ਸੰਜੈ ਸਿੰਘ ਨੇ ਅੱਜ ਮੀਡੀਆ ਵਿੱਚ ਬਿਆਨ ਦਿੱਤਾ ਕਿ ਫੂਲਕਾ ਨੂੰ ਉਨ੍ਹਾਂ ਦੇ ਬਿਆਨ ਸਬੰਧੀ ਬਦਨਾਮ ਕਰਨਾ ਠੀਕ ਨਹੀਂ। ਉਹ ਪਿਛਲੇ 35 ਸਾਲਾਂ ਤੋਂ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਲੜਾਈ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੂੰ ਇਸ ਲਈ ਕ੍ਰੈਡਿਟ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਫੂਲਕਾ ਨੇ ਆਪਣੇ ਬਿਆਨ ਲਈ ਮਾਫੀ ਮੰਗ ਲਈ ਹੈ। ਇਸ ਲਈ ਹੁਣ ਫੂਲਕਾ ਨੂੰ ਇਸ ਮਾਮਲੇ ਵਿੱਚ ਘੇਰਨ ਦੀ ਜ਼ਰੂਰਤ ਨਹੀਂ।

ਜ਼ਿਕਰਯੋਗ ਹੈ ਕਿ ਆਲੋਚਨਾਵਾਂ ਤੇ ਲੋਕਾਂ ਦੀ ਨਾਰਾਜ਼ਗੀ ਤੋਂ ਬਾਅਦ ਫੂਲਕਾ ਨੇ ਆਪਣੇ ਬਿਆਨ ’ਤੇ ਆਪਣੇ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੇ ਬਿਆਨ ਨੂੰ ਗਲਤ ਸਮਝ ਰਹੇ ਹਨ। ਉਨ੍ਹਾਂ ਸਫਾਈ ਦਿੱਤੀ ਕਿ ਉਨ੍ਹਾਂ ਦਾ ਬਿਆਨ ਸਰਕਾਰ ਖਿਲਾਫ ਸੀ ਨਾ ਕਿ ਫੌਜ ਮੁਖੀ ਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।