ਨਵੀਂ ਦਿੱਲੀ: ਜੇਕਰ ਤੁਸੀਂ ਪਾਸਪੋਰਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵਿਦੇਸ਼ ਮੰਤਰਾਲਾ (MEA) ਦੇਸ਼ ਭਰ ਦੇ ਵੱਖ-ਵੱਖ ਪਾਸਪੋਰਟ ਸੇਵਾ ਕੇਂਦਰਾਂ ਰਾਹੀਂ ਪਾਸਪੋਰਟ ਸੇਵਾ ਚਲਾਉਂਦਾ ਹੈ। ਪਾਸਪੋਰਟ ਸੇਵਾ ਪ੍ਰੋਗਰਾਮ ਨੇ ਪਿਛਲੇ 6 ਸਾਲਾਂ ਵਿੱਚ ਪਾਸਪੋਰਟ ਸੇਵਾਵਾਂ 'ਚ ਵੱਡਾ ਡਿਜ਼ੀਟਲ ਬਦਲਾਅ ਸ਼ੁਰੂ ਕੀਤਾ ਹੈ। ਦੇਸ਼ 'ਚ ਭਾਰਤੀ ਡਾਕ ਦੁਆਰਾ ਵੱਖ-ਵੱਖ ਡਾਕ ਘਰਾਂ ਵਿੱਚ ਪਾਸਪੋਰਟ ਰਜਿਸਟਰੀਕਰਨ ਤੇ ਪਾਸਪੋਰਟ ਐਪਲੀਕੇਸ਼ਨ ਦੀ ਸਹੂਲਤ ਦੇ ਸ਼ੁਰੂ ਹੋਣ ਨਾਲ ਹੁਣ ਪਾਸਪੋਰਟ ਲਈ ਬਿਨੈ ਕਰਨਾ ਆਸਾਨ ਹੋ ਗਿਆ ਹੈ। ਬਿਨੈਕਾਰ ਆਪਣੇ ਨੇੜਲੇ ਡਾਕਘਰ ਦੇ ਕਾਮਨ ਸਰਵਿਸ ਸੈਂਟਰ ਜਾਂ CSC ਕਾਊਂਟਰ 'ਤੇ ਜਾ ਕੇ ਇਸ ਦੇ ਲਈ ਅਰਜ਼ੀ ਦੇ ਸਕਦਾ ਹੈ। ਇੰਡੀਆ ਪੋਸਟ ਨੇ ਇੱਕ ਟਵੀਟ ਜ਼ਰੀਏ ਨਵੇਂ ਫੀਚਰ ਬਾਰੇ ਦੱਸਿਆ ਹੈ। ਟਵੀਟ 'ਚ ਕਿਹਾ ਗਿਆ ਹੈ ਕਿ ਹੁਣ ਤੁਹਾਡੇ ਨੇੜਲੇ ਡਾਕਘਰ ਦੇ CSC ਕਾਊਂਟਰ 'ਤੇ ਪਾਸਪੋਰਟ ਲਈ ਰਜਿਸਟ੍ਰੇਸ਼ਨ ਤੇ ਅਪਲਾਈ ਕਰਨਾ ਸੌਖਾ ਹੋ ਗਿਆ ਹੈ। ਵੱਧ ਜਾਣਕਾਰੀ ਲਈ ਤੁਸੀਂ ਨੇੜਲੇ ਡਾਕ ਘਰ 'ਚ ਜਾ ਸਕਦੇ ਹੋ। ਭਾਰਤ 'ਚ ਪਾਸਪੋਰਟ ਕਿਸੇ ਵੀ ਭਾਰਤੀ ਨਾਗਰਿਕ ਲਈ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ, ਕਿਉਂਕਿ ਪਛਾਣ ਦੇ ਸਬੂਤ ਤੋਂ ਇਲਾਵਾ ਕੌਮਾਂਤਰੀ ਯਾਤਰਾ ਲਈ ਇਹ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ। ਪਾਸਪੋਰਟ ਲਈ ਅਪਲਾਈ ਕਰਨ ਸਮੇਂ ਬਹੁਤ ਸਾਰੇ ਜ਼ਰੂਰੀ ਦਸਤਾਵੇਜ਼ ਲੋੜੀਂਦੇ ਹੁੰਦੇ ਹਨ। ਜਾਣੋ ਕਿਹੜੇ ਦਸਤਾਵੇਜ਼ ਜ਼ਰੂਰੀ ਹਨ?ਪਛਾਣ ਪੱਤਰ ਜਿਵੇਂ ਆਧਾਰ ਕਾਰਡ, ਚੋਣ ਵੋਟਰ ਆਈਡੀ ਜਾਂ ਕੋਈ ਵੈਧ ਫ਼ੋਟੋ ਆਈਡੀ। ਉਮਰ, ਜਨਮ ਸਰਟੀਫ਼ਿਕੇਟ, ਸਕੂਲ ਛੱਡਣ ਦਾ ਪ੍ਰਮਾਣ ਪੱਤਰ ਆਦਿ ਦਾ ਸਬੂਤ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਆਧਾਰ ਕਾਰਡ। ਪਤੇ ਦਾ ਸਬੂਤ ਜਿਵੇਂ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਗੈਸ ਕੁਨੈਕਸ਼ਨ, ਮੋਬਾਈਲ ਬਿੱਲ। ਚੱਲ ਰਹੇ ਬੈਂਕ ਖਾਤੇ ਦੀ ਫ਼ੋਟੋ ਪਾਸਬੁੱਕ। ਵਿਦੇਸ਼ ਮੰਤਰਾਲੇ ਨੇ ਹੁਣ ਪਾਸਪੋਰਟ ਅਪਲਾਈ ਦੀ ਸਾਰੀ ਪ੍ਰਕਿਰਿਆ ਆਨਲਾਈਨ ਕਰ ਦਿੱਤੀ ਹੈ। ਇਸ ਲਈ ਜੇ ਤੁਸੀਂ ਨਵੇਂ ਪਾਸਪੋਰਟ ਲਈ ਅਰਜ਼ੀ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਨਲਾਈਨ ਅਰਜ਼ੀ ਦੇਣੀ ਪਵੇਗੀ।