ਨਵੀਂ ਦਿੱਲੀ: ਪਿਛਲੇ ਅੱਠ ਦਿਨਾਂ ਤੋਂ ਦੁਬਈ ਏਅਰਪੋਰਟ 'ਤੇ 18 ਭਾਰਤੀ ਫਸੇ ਹੋਏ ਹਨ। ਇਸ ਸਮੇਂ ਦੇਸ਼ ਦੇ 18 ਨਾਗਰਿਕ ਆਪਣੇ ਦੇਸ਼ ਤੋਂ 2500 ਕਿਲੋਮੀਟਰ ਦੀ ਦੂਰੀ 'ਤੇ ਦੁਬਈ ਦੇ ਹਵਾਈ ਅੱਡੇ 'ਤੇ ਫਸੇ ਹੋਏ ਹਨ। ਇਹ ਉਹ ਭਾਰਤੀ ਹਨ ਜੋ ਯੂਰਪ ਦੇ ਕਈ ਦੇਸ਼ਾਂ ਤੋਂ ਆਪਣੇ ਦੇਸ਼ ਭਾਰਤ ਵੱਲ ਚੱਲੇ ਸਨ ਅਤੇ ਉਨ੍ਹਾਂ ਨੂੰ ਦੁਬਈ ਏਅਰਪੋਰਟ ਤੋਂ ਭਾਰਤ ਲਈ ਉਡਾਣ ਲੈਣੀ ਸੀ।


ਕੋਰੋਨਾ ਵਾਇਰਸ ਦੇ ਖਤਰੇ ਕਾਰਨ ਜਿਥੇ ਦੁਬਈ ਹਵਾਈ ਅੱਡੇ ਤੋਂ ਉਡਾਣਾਂ ਬੰਦ ਹਨ, ਉਥੇ ਹੀ ਭਾਰਤ ਨੇ ਵੀ ਆਪਣੇ ਸਾਰੇ ਹਵਾਈ ਅੱਡਿਆਂ ‘ਤੇ ਅੰਤਰਰਾਸ਼ਟਰੀ ਹਵਾਈ ਜਹਾਜ਼ ਉਤਾਰਨ ਤੋਂ ਮੰਨਾ ਕੀਤਾ ਹੋਇਆ ਹੈ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਯਾਤਰੀਆਂ ਦੀ ਵਤਨ ਵਾਪਸੀ ਸੰਭਵ ਨਹੀਂ ਹੋ ਰਹੀ ਹੈ ਅਤੇ ਇਸ ਸਮੇਂ ਉਨ੍ਹਾਂ ਦੀ ਸੰਭਾਲ ਕਰਨ ਵਾਲਾ ਵੀ ਕੋਈ ਨਹੀਂ ਹੈ।

ਕੋਰੋਨਾਵਾਇਰਸ ਦੇ ਖ਼ਤਰੇ 'ਚ ਇਨ੍ਹਾਂ ਨੂੰ ਦੁਬਈ ਏਅਰਪੋਰਟ ਤੇ ਸੌਣਾ ਪੈ ਰਿਹਾ ਹੈ। ਦੁਨਿਆ ਦੇ ਸਭ ਤੋਂ ਖੂਬਸੂਰਤ ਹਵਾਈ ਅੱਡਿਆਂ 'ਚ ਸ਼ੂਰਮਾਰ ਦੁਬਈ ਏਅਰਪੋਰਟ ਇਨ੍ਹਾਂ ਯਾਤਰੀਆਂ ਨੂੰ ਕੈਦ ਵਰਗਾ ਲੱਗ ਰਿਹਾ ਹੈ। ਇਹਨਾਂ ਯਾਤਰੀਆਂ ਨੂੰ ਖਾਣ ਪੀਣ ਤੋਂ ਇਲਾਵਾ ਹੋਰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਨਾ ਤਾਂ ਦੁਬਈ ਸਰਕਾਰ ਅਤੇ ਨਾ ਹੀ ਭਾਰਤੀ ਦੂਤਾਵਾਸ ਇਨ੍ਹਾਂ ਦੀ ਕਿਸੇ ਤਰ੍ਹਾਂ ਮਦਦ ਕਰ ਰਿਹਾ ਹੈ।

ਇਨ੍ਹਾਂ 18 ਯਾਤਰੀਆਂ ਨੇ ਏਬੀਪੀ ਨਿਊਜ਼ ਦੇ ਰਾਹੀਂ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਹੈ। ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਹੈ ਜਲਦੀ ਤੋਂ ਜਲਦੀ ਕੋਈ ਇੰਤਜ਼ਾਮ ਕਰਕੇ ਉਨ੍ਹਾਂ ਨੂੰ ਭਾਰਤ ਵਾਪਸ ਬੁਲਾਇਆ ਜਾਵੇ ।