ਹੈਦਰਾਬਾਦ: ਚੰਦਰਬਾਬੂ ਨਾਇਡੂ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਤਕਰੀਬਨ 60 ਮੁੱਖ ਨੇਤਾ ਤੇ ਹਜ਼ਾਰਾਂ ਵਰਕਰ ਅੱਜ ਬੀਜੇਪੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਵਿੱਚ ਸੂਬਾ ਤੇ ਜ਼ਿਲ੍ਹਾ ਪੱਧਰੀ ਕਈ ਨੇਤਾ ਸ਼ਾਮਲ ਹਨ। ਇਹ ਸਭ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ ਵਿੱਚ ਇੱਥੇ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਕੁਝ ਹੀ ਦਿਨ ਪਹਿਲਾਂ ਟੀਡੀਪੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਲੰਕਾ ਦਿਨਕਰ ਨੇ ਕਿਹਾ ਕਿ ਜਿੱਥੋਂ ਤੱਕ ਤੇਲੰਗਾਨਾ ਯੂਨਿਟ ਦਾ ਸਵਾਲ ਹੈ, ਇਹ ਚੰਗਾ ਸੰਕੇਤ ਹੈ। ਇਹ ਆਂਧਰਾ ਪ੍ਰਦੇਸ਼ ਲਈ ਵੀ ਚੰਗੀ ਖ਼ਬਰ ਹੈ।


ਲੰਕਾ ਦਿਨਕਰ ਨੇ ਕਿਹਾ ਕਿ ਹਜ਼ਾਰਾਂ ਜ਼ਿਲ੍ਹਾ ਪੱਧਰੀ ਲੀਡਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਤਕਰੀਬਨ 20,000 ਵਰਕਰ ਟੀਡੀਪੀ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੱਸਿਆ ਕਿ ਤਿੰਨ ਤਲਾਕ ਤੇ ਧਾਰਾ 370 ਦੇ ਖ਼ਤਮ ਹੋਣ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੀਡਰ ਬੀਜੇਪੀ ਵਿੱਚ ਸ਼ਾਮਲ ਹੋਣ ਲਈ ਅੱਗੇ ਆ ਰਹੇ ਹਨ।


ਇਸੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਨੇ ਦੱਸਿਆ ਕਿ ਪਾਰਟੀ 31 ਦਸੰਬਰ 2019 ਤੋਂ ਪਹਿਲਾਂ ਆਪਣਾ ਕੌਮੀ ਪ੍ਰਧਾਨ ਚੁਣ ਲਵੇਗੀ। ਸਤੰਬਰ ਵਿੱਚ 8 ਲੱਖ ਬੂਥਾਂ 'ਤੇ ਚੋਣਾਂ ਹੋਣਗੀਆਂ ਜਦਕਿ ਅਕਤੂਬਰ ਵਿੱਚ ਮੰਡਲ ਚੋਣਾਂ ਤੇ ਨਵੰਬਰ ਵਿੱਚ ਜ਼ਿਲ੍ਹਾ ਚੋਣਾਂ ਹੋਣਗੀਆਂ। ਸਾਰੇ ਰਾਜਾਂ ਵਿੱਚ 15 ਦਸੰਬਰ ਤੱਕ ਚੋਣਾਂ ਹੋਣਗੀਆਂ ਤੇ ਭਾਜਪਾ ਦੇ ਕੌਮੀ ਪ੍ਰਧਾਨ ਦੀ ਚੋਣ ਕਰਨ ਦੀ ਪ੍ਰਕਿਰਿਆ 31 ਦਸੰਬਰ ਤੋਂ ਪਹਿਲਾਂ ਪੂਰੀ ਹੋ ਜਾਵੇਗੀ।