ਹੈਦਰਾਬਾਦ: ਚੰਦਰਬਾਬੂ ਨਾਇਡੂ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਦੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਕਰੀਬ 60 ਮੁੱਖ ਨੇਤਾ ਤੇ ਹਜ਼ਾਰਾ ਵਰਕਰ ਅੱਜ ਬੀਜੇਪੀ ‘ਚ ਸ਼ਾਮਲ ਹੋ ਗਏ। ਇਨ੍ਹਾਂ ‘ਚ ਸੂਬੇ ਤੇ ਜ਼ਿਲ੍ਹਾ ਪੱਧਰ ਦੇ ਵੀ ਕਈ ਨੇਤਾ ਸ਼ਾਮਲ ਹਨ। ਬੀਜੇਪੀ ‘ਚ ਸ਼ਾਮਲ ਨੇਤਾਵਾਂ ਨੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਦੀ ਮੌਜੂਦਗੀ ‘ਚ ਪਾਰਟੀ ਜੁਆਇਨ ਕੀਤੀ।


ਟੀਡੀਪੀ ਛੱਡ ਭਾਜਪਾ ਦਾ ਲੜ ਫੜਣ ਵਾਲੇ ਨੇਤਾ ਲੰਕਾ ਦਿਨਾਕਰ ਨੇ ਕਿਹਾ ਕਿ ਜਿੱਥੇ ਤਕ ਤੇਲੰਗਾਨਾ ਯੂਨਿਟ ਦਾ ਸਵਾਲ ਹੈ ਇਹ ਕਾਫੀ ਚੰਗਾ ਇਸ਼ਾਰਾ ਹੈ। ਇਹ ਆਂਧਰ ਪ੍ਰਦੇਸ਼ ਦੇ ਲਈ ਚੰਗੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ‘ਚ ਜ਼ਿਲ੍ਹਾਂ ਪੱਧਰੀ ਨੇਤਾ ਬੀਜੇਪੀ ‘ਚ ਸਾਮਲ ਹੋਏ ਹਨ। ਕਰੀਬ 20000 ਵਰਕਰਾਂ ਨੇ ਟੀਡੀਪੀ ਨੂੰ ਛੱਡ ਬੀਜੇਪੀ ਦਾ ਲੜ ਫੜਿਆ ਹੈ। ਧਾਰਾ 370 ਤੇ ਤਿੰਨ ਤਲਾਕ ਖ਼ਤਮ ਕਰਨ ਤੋਂ ਬਾਅਦ ਕਈ ਪਾਰਟੀਆਂ ਦੇ ਨੇਤਾ ਬੀਜੇਪੀ ‘ਚ ਸ਼ਾਮਲ ਹੋਣ ਲਈ ਅੱਗੇ ਆਏ ਹਨ।

ਇਸ ਸਮਾਗਮ ‘ਚ ਨੱਡਾ ਨੇ ਕਿਹਾ ਕਿ ਪਾਰਟੀ ਆਪਣਾ ਕੌਮੀ ਪ੍ਰਧਾਨ 31 ਦਸੰਬਰ, 2019 ਤੋਂ ਪਹਿਲਾ ਚੁਣ ਲਵੇਗੀ। ਸਤੰਬਰ ‘ਚ 8 ਲੱਖ ਬੂਥਾਂ ‘ਤੇ ਚੋਣ ਹੋਣੀ ਹੈ,ਉੁਧਰ ਅਕਤੂਬਰ ‘ਚ ਮੰਡਲ ਚੋਣ ਕਰਾਏ ਜਾਣਗੇ। 15 ਦਸੰਬਰ ਤਕ ਸਾਰੇ ਸੂਬਿਆਂ ‘ਚ ਚੋਣ ਕਰਵਾ ਲਏ ਜਾਣਗੇ ਤੇ 31 ਦਸੰਬਰ ‘ਚ ਕੌਮੀ ਪ੍ਰਧਾਨ ਦੇ ਚੁਣੇ ਜਾਣ ਦੀ ਪ੍ਰਕਿਰੀਆ ਪੂਰੀ ਕਰ ਲਈ ਜਾਵੇਗੀ।