ਨਵੀਂ ਦਿੱਲੀ: ਬੀਜੇਪੀ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਸਰਕਾਰ ਦੇ ਦੂਜੇ ਕਾਰਜਕਾਲ ‘ਚ ਮੰਤਰੀ ਨਹੀਂ ਬਣਨਾ ਚਾਹੁੰਦੇ। ਉਨ੍ਹਾਂ ਨੇ ਚਿੱਠੀ ‘ਚ ਆਪਣੀ ਖ਼ਰਾਬ ਸਿਹਤ ਦਾ ਹਵਾਲਾ ਦਿੱਤਾ ਹੈ। ਅਰੁਣ ਜੇਤਲੀ ਨੇ ਪੀਐਮ ਮੋਦੀ ਨੂੰ ਕਿਹਾ, “ਮੇਰੀ ਸਿਹਤ ਪਿਛਲੇ ਕੁਝ ਸਮੇਂ ਤੋਂ ਖ਼ਰਾਬ ਹੈ ਤੇ ਡਾਕਟਰਾਂ ਨੇ ਮੈਨੂੰ ਆਰਾਮ ਦੀ ਸਲਾਹ ਦਿੱਤੀ ਹੈ।”

ਉਨ੍ਹਾਂ ਨੇ ਅੱਗੇ ਲਿਖਿਆ, “ਮੈਂ ਇਹ ਚਿੱਠੀ ਬੇਨਤੀ ਕਰਦੇ ਹੋਏ ਲਿਖ ਰਿਹਾ ਹਾਂ ਕਿ ਮੈਂ ਸਿਹਤ ਤੇ ਆਪਣੇ ਲਈ ਸਮਾਂ ਚਾਹੁੰਦਾ ਹਾਂ। ਇਸ ਲਈ ਮੈਂ ਕੋਈ ਨਵੀਂ ਜ਼ਿੰਮੇਵਾਰੀ ਨਵੀਂ ਸਰਕਾਰ ‘ਚ ਨਹੀਂ ਸੰਭਾਲ ਸਕਦਾ।” ਉਨ੍ਹਾਂ ਨੇ ਕਿਹਾ ਕਿ ਪਿਛਲੇ 18 ਮਹੀਨਿਆਂ ਤੋਂ ਮੇਰੀ ਸਿਹਤ ਖ਼ਰਾਬ ਹੈ। ਅਰੁਣ ਜੇਤਲੀ ਨੇ ਕਿਹਾ, “ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਮੈਂ ਪਿਛਲੇ ਪੰਜ ਸਾਲ ਤੋਂ ਅਜਿਹੀ ਸਰਕਾਰ ਦਾ ਹਿੱਸਾ ਰਿਹਾ ਹਾਂ ਜਿਸ ਦੀ ਨੁਮਾਇੰਦਗੀ ਮੋਦੀ ਨੇ ਕੀਤੀ ਸੀ।


ਪਿਛਲੇ ਦਿਨੀਂ ਅਚਾਨਕ ਅਰੁਣ ਜੇਤਲੀ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖ਼ਬਰ ਵਾਇਰਲ ਹੋਈ ਸੀ। ਇਸ ਤੋਂ ਬਾਅਦ ਸਰਕਾਰ ਨੇ ਸਫਾਈ ਦਿੰਦੀਆਂ ਕਿਹਾ ਸੀ, “ਮੀਡੀਆ ਦੇ ਇੱਕ ਤਬਕੇ ‘ਚ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਸਿਹਤ ਨੂੰ ਲੈ ਕੇ ਜੋ ਵੀ ਖ਼ਬਰਾਂ ਚਲ ਰਹੀਆਂ ਹਨ, ਉਹ ਗਲਤ ਹਨ।”

ਇਸ ਗੱਲ ਦੀਆਂ ਵੀ ਅਟਕਲਾਂ ਲਾਈਆਂ ਜਾ ਰਹੀਆਂ ਸੀ ਕਿ ਉਹ ਨਵੀਂ ਸਰਕਾਰ ‘ਚ ਮੰਤਰੀ ਨਹੀਂ ਬਣਨਗੇ। ਮੋਦੀ ਦੀ ਸਰਕਾਰ ‘ਚ ਉਨ੍ਹਾਂ ਨੇ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ ਸੀ।