ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ 'ਚ ਹੈਲੀਕਾਪਟਰ ਕ੍ਰੈਸ਼ 'ਚ ਸ਼ਹੀਦ ਹੋਏ ਜਵਾਨਾਂ ਦੀਆਂ ਲਾਸ਼ਾਂ ਨੂੰ ਲਿਫਾਫਿਆਂ ਤੇ ਗੱਤਿਆਂ 'ਚ ਰੱਖੇ ਜਾਣ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਫੌਜ ਦੀ ਕਿਰਕਿਰੀ ਹੋਣੀ ਸ਼ੁਰੂ ਹੋ ਗਈ ਹੈ। ਲੋਕ ਸੋਸ਼ਲ ਮੀਡੀਆ 'ਤੇ ਫੌਜ ਪ੍ਰਤੀ ਆਪਣਾ ਗੁੱਸਾ ਕੱਢ ਰਹੇ ਹਨ। ਕ੍ਰਿਕਟਰ ਗੌਤਮ ਗੰਭੀਰ ਨੇ ਵੀ ਇਸ ਫੋਟੋ ਨੂੰ ਲੈ ਕੇ ਸਰਕਾਰ 'ਤੇ ਸਵਾਲ ਚੁੱਕੇ ਹਨ। ਵਿਵਾਦ ਸ਼ੁਰੂ ਹੋਣ ਤੋਂ ਬਾਅਦ ਫੌਜ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਭਵਿੱਖ 'ਚ ਕੋਸ਼ਿਸ਼ ਹੋਵੇਗੀ ਕਿ ਅਜਿਹਾ ਨਾ ਹੋਵੇ।


ਫੌਜ ਨੇ ਆਪਣੇ ਬਿਆਨ 'ਚ ਕਿਹਾ ਕਿ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਅਜਿਹੇ ਤਰੀਕੇ ਨਾਲ ਲਿਪੇਟਣਾ ਭੁੱਲ ਹੈ ਤੇ ਭਵਿੱਖ 'ਚ ਹਮੇਸ਼ਾ ਸ਼ਹੀਦਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਅਰੁਣਾਚਲ ਪ੍ਰਦੇਸ਼ 'ਚ ਏਅਰਫੋਰਸ ਦਾ ਐਮਆਈ 17 ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਇਸ 'ਚ ਦੋ ਜਵਾਨਾਂ ਤੇ ਪੰਜ ਕਰੂ ਮੈਂਬਰ ਸਣੇ ਸੱਤ ਜਵਾਨ ਸ਼ਹੀਦ ਹੋ ਗਏ ਸਨ।

ਇਸ ਘਟਨਾ ਲਈ ਟਵਿੱਟਰ 'ਤੇ ਕਈ ਲੋਕਾਂ ਨੇ ਰੋਸ਼ ਜਤਾਇਆ। ਕ੍ਰਿਕਟਰ ਗੌਤਮ ਗੰਭੀਰ ਨੇ ਟਵੀਟ ਕਰਕੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ। ਉਨ੍ਹਾਂ ਲਿਖਿਆ- ਮਾਫ ਕਰਨਾ ਏ ਦੋਸਤ, ਜਿਸ ਕੱਪੜੇ ਨਾਲ ਤੁਹਾਡਾ ਕਫਨ ਸੀਤਾ ਜਾਣਾ ਸੀ, ਉਹ ਅਜੇ ਕਿਸੇ ਦਾ ਬੰਦ ਗਲਾ ਸਿਲਣ ਦੇ ਕੰਮ ਆ ਰਿਹਾ ਹੈ।