ਵਾਸ਼ਿੰਗਟਨ-ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ ਨੇ ਕਿਹਾ ਹੈ ਕਿ ਨੋਟਬੰਦੀ ਕਾਰਨ ਜੰਮੂ-ਕਸ਼ਮੀਰ 'ਚ ਵਿਦਰੋਹੀ ਤੇ ਅੱਤਵਾਦੀ ਸਰਗਰਮੀਆਂ 'ਚ ਤੇਜ਼ੀ ਨਾਲ ਕਮੀ ਆਈ ਹੈ।


ਜੇਤਲੀ ਨੇ ਬੀਤੇ ਦਿਨ ਬਰਕਲੇ ਭਾਰਤ ਸੰਮੇਲਨ ਨੂੰ ਵੀਡੀਓ ਕਾਨਫਰਸਿੰਗ ਜਰੀਏ ਸੰਬੋਧਨ ਕਰਦਿਆਂ ਕਿਹਾ ਕਿ ਨੋਟਬੰਦੀ ਕਾਰਨ ਜੰਮੂ-ਕਸ਼ਮੀਰ ਤੇ ਛੱਤੀਸਗੜ੍ਹ ਜਿਹੇ ਰਾਜਾਂ 'ਚ ਘੁਸਪੈਠ ਤੇ ਅੱਤਵਾਦੀ ਸਰਗਰਮੀਆਂ 'ਚ ਕਮੀ ਆਈ ਹੈ ਅਤੇ ਪਿਛਲੇ 8-10 ਮਹੀਨਿਆਂ ਤੋਂ ਪਥਰਾਅ ਕਰਨ ਵਾਲਿਆਂ ਦੀਆਂ ਸਰਗਰਮੀਆਂ ਵੇਖਣ ਨੂੰ ਨਹੀਂ ਮਿਲੀਆਂ।

ਆਪਣੇ ਸੰਬੋਧਨ ਦੌਰਾਨ ਜੇਤਲੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਸਵੱਛ ਭਾਰਤ, ਜੀ. ਐਸ. ਟੀ. 'ਤੇ ਨੋਟਬੰਦੀ ਜਿਹੀਆਂ ਪਹਿਲਕਦਮੀਆਂ ਦਾ ਅਨੁਕੂਲ ਪ੍ਰਭਾਵ ਪਿਆ ਹੈ। ਜੀ.ਐਸ.ਟੀ. ਤੇ ਨੋਟਬੰਦੀ ਜਿਹੀਆਂ ਪਹਿਲਕਦਮੀਆਂ ਨੇ ਅਰਥਵਿਵਸਥਾ 'ਚ ਟੈਕਸ ਦਾ ਦਾਇਰਾ ਵਧਾਉਣ ਤੇ ਨਕਦੀ ਨੂੰ ਘੱਟ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ 'ਚ ਮੋਦੀ ਸਰਕਾਰ ਨੇ 1000 ਤੇ 500 ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਸ ਨਾਲ ਕਾਲੇ ਧੰਨ, ਜਾਅਲੀ ਕਰੰਸੀ, ਅੱਤਵਾਦੀ ਸਰਗਰਮੀਆਂ ਤੇ ਭ੍ਰਿਸ਼ਟਾਚਾਰ 'ਤੇ ਰੋਕ ਲੱਗੇਗੀ।