ਨਵੀਂ ਦਿੱਲੀ: ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਸੀ.ਪੀ.ਆਈ.-ਐਮ. ਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕੇਰਲ ਵਿੱਚ ਭਾਜਪਾ ਤੇ ਆਰ.ਐਸ.ਐਸ. ਦੇ ਕਾਰਕੁਨਾਂ ਨੂੰ ਜਾਣਬੁੱਝ ਕੇ ਮਾਰਿਆ ਜਾ ਰਿਹਾ ਹੈ। ਸ਼ਾਹ ਨੇ ਇਸ ਨੂੰ ਸਿਆਸੀ ਕਤਲ ਕਰਾਰ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਪਿੰਨਰਈ ਵਿਜੈਅਨ ਦੇ ਸੱਤਾ ਸੰਭਾਲਣ ਤੋਂ ਬਾਅਦ 120 ਤੋਂ ਜ਼ਿਆਦਾ ਭਾਜਪਾ ਵਰਕਰਾਂ ਦੀ ਹੱਤਿਆ ਕਰ ਦਿੱਤੀ ਗਈ ਹੈ।


ਦਿੱਲੀ ਵਿੱਚ ਜਨ ਰਕਸ਼ਾ ਯਾਤਰਾ ਵਿੱਚ ਹਿੱਸਾ ਲੈਂਦੇ ਹੋਏ ਕਾਮਰੇਡ ਸਰਕਾਰ 'ਤੇ ਸ਼ਬਦੀ ਹਮਲਾ ਕਰਦਿਆਂ ਸ਼ਾਹ ਨੇ ਇੱਕ ਅਜੀਬ ਜਿਹੀ ਗੱਲ ਵੀ ਕਹੀ। ਉਸ ਨੇ ਕਿਹਾ ਕਿ ਜਦੋਂ ਇੱਕ ਬੰਦਾ ਗੋਲੀ ਨਾਲ ਕਤਲ ਕੀਤਾ ਜਾ ਸਕਦਾ ਹੈ ਤਾਂ ਭਾਜਪਾ ਵਰਕਰਾਂ ਦੇ ਟੋਟੇ ਕਿਉਂ ਕੀਤੇ ਜਾਂਦੇ ਹਨ। ਹੋ ਸਕਦਾ ਹੈ ਉਹ ਆਪਣੀ ਇਸ ਗੱਲ ਨੂੰ ਬਲ ਦੇਣ ਲਈ ਅਜਿਹਾ ਕਹਿ ਗਿਆ ਹੋਵੇ ਕਿ ਕੇਰਲ ਵਿੱਚ ਲੋਕਾਂ ਨੂੰ ਇਹ ਡਰ ਦਿੱਤਾ ਜਾ ਰਿਹਾ ਹੈ ਕਿ ਜੇਕਰ ਉਹ ਭਾਜਪਾ ਨਾਲ ਜੁੜਨਗੇ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ।

ਉਸ ਨੇ ਕਿਹਾ ਕਿ ਭਾਜਪਾ ਵਰਕਰਾਂ ਲਈ ਉਨ੍ਹਾਂ ਦੀ ਪਾਰਟੀ ਹੀ ਸੋਚ ਹੈ ਤੇ ਉਹ ਬਲੀਦਾਨ ਦੇਣ ਤੋਂ ਨਹੀਂ ਘਬਰਾਉਂਦੇ। ਉਸ ਨੇ ਘੁਰਕੀ ਦਿੰਦਿਆਂ ਕਿਹਾ ਕਿ ਭਾਜਪਾ ਇਸ ਤਰ੍ਹਾਂ ਵਰਕਰਾਂ ਦੇ ਕਤਲ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ। ਸ਼ਾਹ ਨੇ ਮਨੁੱਖੀ ਅਧਿਕਾਰ ਕਾਰਕੁਨਾਂ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਦੀਆਂ ਮੋਮਬੱਤੀਆਂ ਭਾਜਪਾ ਵਰਕਰਾਂ ਲਈ ਕਿਉਂ ਨਹੀਂ ਬਲਦੀਆਂ ਜਦਕਿ ਖੱਬੇ ਪੱਖੀਆਂ ਦੇ ਕਤਲ 'ਤੇ ਉਹ ਝੱਟ ਬੋਲ ਪੈਂਦੇ ਹਨ।

ਸ਼ਾਹ ਨੇ ਕਿਹਾ ਕਿ ਸਿਆਸੀ ਕਤਲ ਪੱਛਮੀ ਬੰਗਾਲ, ਤ੍ਰਿਪੁਰਾ ਤੇ ਕੇਰਲ ਵਿੱਚ ਹੀ ਨਜ਼ਰ ਆਉਂਦੇ ਹਨ, ਜਿੱਥੇ ਕਾਮਰੇਡਾਂ ਦੀ ਸਰਕਾਰ ਰਹੀ ਹੈ। ਉਸ ਨੇ ਕਿਹਾ ਕਿ ਭਾਜਪਾ ਇਸ ਹਿੰਸਾ ਪਸੰਦ ਲੋਕਾਂ ਦਾ ਟਾਕਰਾ ਕਰਦੀ ਰਹੇਗੀ।