Arvind Kejriwal On Congress: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੇ ਆਰਡੀਨੈਂਸ ਦੇ ਖਿਲਾਫ਼ ਸਮਰਥਨ ਨੂੰ ਲੈ ਕੇ ਕਾਂਗਰਸ  (Congress) ਨੂੰ ਤੀਜਾ ਸੰਦੇਸ਼ ਭੇਜਿਆ ਹੈ। ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ (AAP)  ਦੇ ਕੌਮੀ ਕਨਵੀਨਰ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੂੰ ਮਿਲਣ ਦਾ ਸਮਾਂ ਮੰਗਿਆ ਸੀ। ਕੇਂਦਰ ਦੇ ਆਰਡੀਨੈਂਸ ਖਿਲਾਫ਼ ਸਮਰਥਨ ਹਾਸਲ ਕਰਨ ਲਈ ਕੇਜਰੀਵਾਲ ਲਗਾਤਾਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਮਿਲ ਰਹੇ ਹਨ।


ਉਨ੍ਹਾਂ ਨੇ ਵੀਰਵਾਰ (1 ਜੂਨ) ਨੂੰ ਕਾਂਗਰਸ ਦੇ ਸਹਿਯੋਗੀ ਦੱਖਣੀ ਡੀਐਮਕੇ ਮੁਖੀ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨਾਲ ਮੁਲਾਕਾਤ ਕੀਤੀ। ਕੇਜਰੀਵਾਲ ਨੇ ਇਸ ਮੁਲਾਕਾਤ ਤੋਂ ਬਾਅਦ ਕਿਹਾ ਕਿ ਮੈਂ ਇੰਨੇ ਨਿੱਘਾ ਸਵਾਗਤ ਲਈ ਸੀਐਮ ਸਟਾਲਿਨ ਦਾ ਧੰਨਵਾਦ ਕਰਦਾ ਹਾਂ। ਮੈਂ ਐਮ ਕੇ ਸਟਾਲਿਨ ਜੀ  ਆਰਡੀਨੈਂਸ ਦੇ ਵਿਰੁੱਧ ਸਾਡਾ ਸਮਰਥਨ ਕਰਨ ਲਈ ਉਹਨਾਂ ਦਾ ਧੰਨਵਾਦ ਕਰਦਾ ਹਾਂ। ਮੈਂ ਮਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ, ਪਰ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।


"ਸਾਨੂੰ ਉਮੀਦ ਹੈ ਕਿ ਕਾਂਗਰਸ ਸਮਰਥਨ ਕਰੇਗੀ"


ਕੇਜਰੀਵਾਲ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕਾਂਗਰਸ ਵੀ ਇਸ ਗੈਰ ਲੋਕਤੰਤਰੀ ਆਰਡੀਨੈਂਸ ਖਿਲਾਫ਼ ਸਾਡਾ ਸਾਥ ਦੇਵੇਗੀ। ਤੈਅ ਮੀਟਿੰਗ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਲਈ ਸਾਂਝੇ ਵਿਰੋਧੀ ਧਿਰ ਦੀ ਚਰਚਾ ਹੋ ਸਕਦੀ ਹੈ। ਉਨ੍ਹਾਂ ਕਿਹਾ, 8 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਦਿੱਲੀ ਜਿੱਤੀ, ਜਿਸ ਨਾਲ ਨੌਕਰਸ਼ਾਹਾਂ 'ਤੇ ਪੂਰਾ ਕੰਟਰੋਲ ਚੁਣੀ ਹੋਈ ਸਰਕਾਰ ਨੂੰ ਦੇ ਦਿੱਤਾ ਗਿਆ।


"ਸਾਨੂੰ ਡੀਐਮਕੇ ਦਾ ਸਮਰਥਨ ਹੈ"


ਦਿੱਲੀ ਦੇ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕੇਂਦਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਰੱਦ ਕਰਨ ਲਈ ਗੈਰ-ਸੰਵਿਧਾਨਕ ਆਰਡੀਨੈਂਸ ਲਿਆਂਦਾ ਹੈ। ਜੇ ਸਾਰੀਆਂ ਗੈਰ-ਭਾਜਪਾ ਪਾਰਟੀਆਂ ਇੱਕਜੁੱਟ ਹੋ ਜਾਣ ਤਾਂ ਅਸੀਂ ਇਸ ਬਿੱਲ ਨੂੰ ਰਾਜ ਸਭਾ ਵਿੱਚ ਹਰਾ ਸਕਦੇ ਹਾਂ, ਜਿੱਥੇ ਭਾਜਪਾ ਕੋਲ ਸਿਰਫ਼ 93/238 ਸੀਟਾਂ ਹਨ। ਇਹ 2024 ਲਈ ਇੱਕ ਮਜ਼ਬੂਤ ਸੰਦੇਸ਼ ਹੋਵੇਗਾ। ਮੈਂ ਸਟਾਲਿਨ ਜੀ ਕੋਲ ਸਮਰਥਨ ਮੰਗਣ ਆਇਆ ਹਾਂ ਅਤੇ ਮੈਨੂੰ ਇਹ ਕਹਿ ਕੇ ਖੁਸ਼ੀ ਹੋ ਰਹੀ ਹੈ ਕਿ ਸਾਡੇ ਕੋਲ ਡੀ.ਐਮ.ਕੇ. ਦਾ ਸਮਰਥਨ ਹੈ। ਕੇਜਰੀਵਾਲ ਇਸ ਤੋਂ ਪਹਿਲਾਂ ਮਮਤਾ ਬੈਨਰਜੀ, ਊਧਵ ਠਾਕਰੇ, ਸ਼ਰਦ ਪਵਾਰ ਸਮੇਤ ਕਈ ਪ੍ਰਮੁੱਖ ਵਿਰੋਧੀ ਨੇਤਾਵਾਂ ਨੂੰ ਮਿਲ ਚੁੱਕੇ ਹਨ।