ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੈਬਨਿਟ ਮੰਤਰੀ ਨਵਜੋਤ ਸਿੱਧੂ ਖਿਲਾਫ ਇੱਕਸੁਰ ਵਿਖਾਈ ਦਿੱਤੇ। ਦੋਵਾਂ ਨੇ ਨਵਜੋਤ ਸਿੱਧੂ ਨੂੰ ਪੁਲਵਾਮਾ ਹਮਲੇ ਬਾਰੇ ਬਿਆਨ 'ਤੇ ਘੇਰਿਆ।
ਕੇਜਰੀਵਾਲ ਨੇ ਸਿੱਧੂ ਦੇ ਬਿਆਨ ’ਤੇ ਕਿਹਾ ਕਿ ਇਸ ਨਾਲ ਪੂਰੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਸਿੱਧੂ ਨੇ ਦੋਸਤੀ ਨੂੰ ਦੇਸ਼ ਤੋਂ ਉੱਪਰ ਰੱਖਿਆ ਹੈ। ਇਸੇ ਤਰ੍ਹਾਂ ਸੁਖਬੀਰ ਬਾਦਲ ਨੇ ਵੀ ਸਿੱਧੂ ਦੇ ਬਿਆਨ ’ਤੇ ਗੱਲ ਕੀਤੀ। ਉਨ੍ਹਾਂ ਸਿੱਧੂ ਨੂੰ ਪੁੱਛਿਆ ਕਿ ਉਹ ਦੱਸਣ ਉਨ੍ਹਾਂ ਲਈ ਦੇਸ਼ ਪਹਿਲਾਂ ਹੈ ਜਾਂ ਦੋਸਤ। ਦੋਵੇਂ ਲੀਡਰ ‘ਆਪ’ ਵਿਧਾਇਕਾ ਬਲਜਿੰਦਰ ਕੌਰ ਦੀ ਰਿਸੈਪਸ਼ਨ ਪਾਰਟੀ ਵਿੱਚ ਪਹੁੰਚੇ ਹੋਏ ਸੀ।
ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪਾਕਿਸਤਾਨ ਕਹਿ ਰਿਹਾ ਹੈ ਕਿ ਪੁਲਵਾਮਾ ਹਮਲੇ ਵਿੱਚ ਉਸ ਦਾ ਹੱਥ ਨਹੀਂ ਪਰ ਭਾਰਤ ਦੀਆਂ ਖੁਫੀਆ ਏਜੰਸੀਆਂ ਹਮਲੇ ਪਿੱਛੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਾਫੀ ਬੇਰਹਿਮੀ ਭਰਿਆ ਹਮਲਾ ਸੀ ਤੇ ਭਾਰਤ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਤਿਆਰ ਹੈ।
ਉਨ੍ਹਾਂ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਸਰਕਾਰ ਦੀ ਨਾਲਾਇਕੀ ਹੈ ਕਿ ਉਸ ਦੇ ਆਪਣੇ ਮੰਤਰੀ ਸਵਾਲ ਕਰ ਰਹੇ ਹਨ। ਦਰਅਸਲ ਬੀਤੇ ਕੱਲ੍ਹ ਵਿਧਾਨ ਸਭਾ ਵਿੱਚ ਕਾਂਗਰਸੀ ਮੰਤਰੀਆਂ ਨੇ ਕਿਹਾ ਸੀ ਕਿ ਸੱਤਾ ਵਿੱਚ ਹੁੰਦਿਆਂ ਵੀ ਕਾਂਗਰਸ ਦੀ ਸਰਕਾਰ ਬਿਕਰਮ ਮਜੀਠੀਆ ’ਤੇ ਕਾਰਵਾਈ ਨਹੀਂ ਕਰ ਪਾ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਮਜੀਠੀਆ ’ਤੇ ਕਾਰਵਾਈ ਕਰਨੀ ਚਾਹੀਦੀ ਹੈ।
‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਿੱਧੂ ਤੇ ਬਾਜਵਾ ਦੀਆਂ ਆਪਣੀ ਸਰਕਾਰ ’ਤੇ ਪਾਈਆਂ ਲਾਹਨਤਾਂ ਤੋਂ ਜ਼ਾਹਰ ਹੋ ਗਿਆ ਹੈ ਕਿ ਇਹ ਸਭ ਆਪਸ ਵਿੱਚ ਮਿਲੇ ਹੋਏ ਹਨ। ਪੁਲਿਸ ਅਫ਼ਸਰ ਪਰਮਰਾਜ ਉਮਰਾਨੰਗਲ ਦੀ ਗ੍ਰਿਫ਼ਤਾਰੀ ’ਤੇ ਮਾਨ ਨੇ ਕਿਹਾ ਕਿ ਇਸ ਨਾਲ ਹੁਣ ਵੱਡੇ ਲੋਕ ਨੂੰ ਹੱਥ ਪਵੇਗਾ ਪਰ ਡੀਜੀਪੀ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਉਨ੍ਹਾਂ ਨੇ ਗੋਲੀ ਕਿਸ ਦੇ ਕਹਿਣ ’ਤੇ ਚਲਾਈ ਸੀ।