ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦਿੱਲੀ ਪੁਲਿਸ ਵਿਚਾਲੇ ਖਿੱਚੋਤਾਣ ਪੈਦਾ ਹੋ ਗਈ ਹੈ। 'ਆਪ' ਨੇ ਅੱਜ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਪੁਲਿਸ ਨੇ ਘਰ 'ਚ ਨਜ਼ਰਬੰਦ ਕਰ ਦਿੱਤਾ। ਕੇਜਰੀਵਾਲ ਕਿਸਾਨਾਂ ਦੇ ਭਾਰਤ ਬੰਦ 'ਚ ਸ਼ਾਮਲ ਹੋਣ ਲਈ ਜਾਣ ਵਾਲੇ ਸਨ। ਓਧਰ 'ਆਪ' ਦੇ ਇਨ੍ਹਾਂ ਇਲਜ਼ਾਮਾਂ ਨੂੰ ਦਿੱਲੀ ਪੁਲਿਸ ਨੇ ਖਾਰਜ ਕਰ ਦਿੱਤਾ ਹੈ।


ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੇਜਰੀਵਾਲ ਦੀ ਰਿਹਾਇਸ਼ 'ਚ ਜਾਣ ਨਹੀਂ ਦਿੱਤਾ ਗਿਆ। ਇਸ ਤੋਂ ਬਾਾਅਦ 'ਆਪ' ਦੇ ਕੁਝ ਵਿਧਾਇਕਾਂ ਦੇ ਨਾਲ ਸਿਸੋਦੀਆ ਧਰਨੇ 'ਤੇ ਬੈਠ ਗਏ।


ਕੇਜਰੀਵਾਲ ਕੀ ਬੋਲੇ?


ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਮੈਨੂੰ ਰੋਕਿਆ ਨਾ ਜਾਂਦਾ ਤਾਂ ਮੈਂ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ 'ਚ ਉਨ੍ਹਾਂ ਦਾ ਸਮਰਥਨ ਕਰਨ ਜਾਂਦਾ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਭਾਰਤ ਬੰਦ ਸਫ਼ਲ ਰਿਹਾ। ਮੈਂ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਪ੍ਰਾਰਥਨਾ ਕੀਤੀ।





ਪੁਲਿਸ ਦਾ ਕੀ ਕਹਿਣਾ?


ਪੁਲਿਸ ਕਮਿਸ਼ਨਰ ਐਂਟੋ ਅਲਫੋਂਸ ਨੇ ਕੇਜਰੀਵਾਲ ਦੀ ਰਿਹਾਇਸ਼ ਦੇ ਐਂਟਰੀ ਗੇਟ ਦੀ ਤਸਵੀਰ ਸਾਂਝੀ ਕੀਤੀ ਤੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ। ਡੀਸੀਪੀ ਨੇ ਕਿਹਾ, 'ਮੁੱਖ ਮੰਤਰੀ ਨੂੰ ਨਜ਼ਰਬੰਦ ਕਰਨ ਦੇ ਦਾਅਵੇ ਗਲਤ ਹਨ। ਉਹ ਕਾਨੂੰਨ ਦੇ ਅੰਤਰਗਤ ਆਜ਼ਾਦੀ ਨਾਲ ਕਿਤੇ ਵੀ ਆਉਣ-ਜਾਣ ਦੇ ਆਪਣੇ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਹਨ। ਰਿਹਾਇਸ਼ ਦੇ ਐਂਟਰੀ ਗੇਟ ਦੀ ਤਸਵੀਰ ਸਭ ਸਪਸ਼ਟ ਕਰਦੀ ਹੈ।


ਬੀਜੇਪੀ ਨੇ ਸਿਆਸਤ ਦਾ ਇਲਜ਼ਾਮ ਲਾਇਆ


ਵਿਰੋਧੀ ਬੀਜੇਪੀ ਤੇ ਕਾਂਗਰਸ ਨੇ ਕੇਜਰੀਵਾਲ ਦੀ ਨਜ਼ਰਬੰਦ ਨੂੰ ਸਿਆਸੀ ਚਾਲਬਾਜ਼ੀ ਕਰਾਰ ਦਿੱਤਾ। ਦਿੱਲੀ ਬੀਜੇਪੀ ਦੇ ਬੁਲਾਰੇ ਨਵੀਨ ਕੁਮਾਰ ਨੇ ਕਿਹਾ 'ਆਪ' ਪਾਰਟੀ ਝੂਠ ਤੇ ਧੋਖੇਬਾਜ਼ੀ ਦੀ ਸਿਆਸਤ 'ਚ ਮਸ਼ਰੂਫ ਹੈ।
ਉਨ੍ਹਾਂ ਟਵੀਟ ਕੀਤਾ, 'ਕੱਲ੍ਹ ਮੁੱਖ ਮੰਤਰੀ ਕੇਜਰੀਵਾਲ ਸਿੰਘੂ ਬਾਰਡਰ ਗਏ ਸਨ ਤੇ ਉਹ ਸ਼ਾਮ ਨੂੰ ਪਾਰਟੀ 'ਚ ਵੀ ਗਏ। ਉਹ ਘਰ 'ਚ ਆਰਾਮ ਨੂੰ ਨਜ਼ਰਬੰਦੀ ਕਹਿ ਰਹੇ ਹਨ।'


ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਚੌਧਰੀ ਨੇ ਕਿਹਾ, 'ਇਹ ਚਾਲਬਾਜ਼ੀ ਹੈ। ਜਦੋਂ ਉਨ੍ਹਾਂ ਦੀ ਸਰਕਾਰ ਨੇ ਨਵੇਂ ਖੇਤੀ ਕਾਨੂੰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਉਹ ਭਾਰਤ ਬੰਦ ਦਾ ਸਮਰਥਨ ਕਿਵੇਂ ਕਰ ਸਕਦੇ ਹਨ। ਉਨ੍ਹਾਂ ਨੂੰ ਆਪਣੀ ਰਿਹਾਇਸ਼ ਤੋਂ ਨਿੱਕਲਣ ਤੋਂ ਪਹਿਲਾਂ ਅਮਿਤ ਸ਼ਾਹ ਦੀ ਇਜਾਜ਼ਤ ਦਾ ਇੰਤਜ਼ਾਰ ਕਰਨਾ ਹੋਵੇਗਾ।'


ਹਾਲਾਂਕਿ ਆਪ ਲੀਡਰਾਂ ਨੇ ਦੁਹਰਾਇਆ ਕਿ ਕੇਂਦਰ ਨੇ ਕੇਜਰੀਵਾਲ ਨੂੰ ਨਜ਼ਰਬੰਦ ਕੀਤਾ ਹੈ ਤਾਂ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਮਰਥਨ ਨਹੀਂ ਕਰ ਸਕੇ। 'ਆਪ' ਦੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਇਲਜ਼ਾਮ ਲਾਇਆ, 'ਸਿੰਘੂ ਬਾਰਡਰ ਤੋਂ ਆਉਣ ਤੋਂ ਬਾਅਦ ਤੋਂ ਹੀ ਅਰਵਿੰਦ ਕੇਜਰੀਵਾਲ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸਰਕਾਰ ਨਹੀਂ ਚਾਹੁੰਦੀ ਕਿ ਕੇਜਰੀਵਾਲ ਕਿਸਾਨਾਂ ਦੇ ਨਾਲ ਖੜੇ ਹੋਣ, ਇਸ ਲਈ ਇਹ ਕਦਮ ਚੁੱਕਿਆ ਗਿਆ ਹੈ।


ਭਾਰਤ ਬੰਦ ਇਸ ਤਰ੍ਹਾਂ ਰਿਹਾ ਸਫ਼ਲ, ਕਿਸਾਨ ਜਥੇਬੰਦੀਆਂ ਨੇ ਦੱਸੀ ਅਸਲੀਅਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ