Arvind Kejriwal Judicial Custody: ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡ੍ਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਅਰਵਿੰਦ ਕੇਜਰੀਵਾਲ ਨੇ ਅਦਾਲਤ ਵਿੱਚ ਰਾਮਾਇਣ, ਮਹਾਭਾਰਤ, ਗੀਤਾ ਤੇ ਪੱਤਰਕਾਰ ਨੀਰਜ ਚੌਧਰੀ ਦੀ ਕਿਤਾਬ, ਹਾਓ ਪ੍ਰਾਇਮ ਮਨਿਸਟਰ ਡਿਸਾਇਡ ਪੜ੍ਹਨ ਲਈ ਮੰਗੀ ਹੈ। ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਆਪਣੇ ਫ਼ੈਸਲੇ ਕਿਵੇਂ ਲੈਂਦੇ ਹਨ।


ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਅਦਾਲਤ ਤੋਂ ਜੇਲ੍ਹ ਵਿੱਚ ਦਵਾਈਆਂ ਦੇਣ ਦੀ ਮੰਗ ਵੀ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਇਹ ਮੰਗਾਂ ਦਿੱਲੀ ਦੀ ਰਾਊਜ਼ ਐਵਿਨਿਊ ਅਦਾਲਤ ਵਿੱਚ ਈਡੀ ਦੀ ਹਿਰਾਸਤ ਪੂਰੀ ਹੋਣ ਤੋਂ ਬਾਅਦ ਪੇਸ਼ੀ ਦੌਰਾਨ ਕੀਤੀ ਸੁਣਵਾਈ ਦੌਰਾਨ ਕੇਜਰੀਵਾਲ ਨੂੰ ਈਡੀ ਦੀ ਮੰਗ ਉੱਤੇ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਉੱਤੇ ਭੇਜ ਦਿੱਤਾ ਹੈ। ਇਸ ਮੌਕੇ ਕੇਜਰੀਵਾਲ ਤਿਹਾੜ ਜੇਲ੍ਹ ਵਿੱਚ ਰਹਿਣਗੇ ਜਿੱਥੇ ਉਨ੍ਹਾਂ ਨੇ ਕਿਤਾਬਾਂ ਤੇ ਦਵਾਈਆਂ ਦੀ ਮੰਗ ਕੀਤੀ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਾਧਿਆ ਨਿਸ਼ਾਨਾ


ਕੇਜਰੀਵਾਲ ਦੀ ਮੰਗ ਅਜਿਹੇ ਸਮੇਂ ਆਈ ਹੈ ਜਦੋਂ ਉਨ੍ਹਾਂ ਨੇ ਅਦਾਲਤ ਵਿੱਚ ਆਪਣੀ ਪੇਸ਼ੀ ਤੋਂ ਪਹਿਲਾਂ ਮੀਡੀਆ ਸਾਹਮਣੇ ਕਿਹਾ ਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕੁਝ ਵੀ ਕਰ ਰਹੇ ਹਨ ਉਹ ਦੇਸ਼ ਲਈ ਚੰਗਾ ਨਹੀਂ ਹੈ।






ਈਡੀ ਨੇ ਕੀਤਾ ਸੀ ਗ੍ਰਿਫ਼ਤਾਰ


ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਅਦਾਲਤ ਨੇ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਮੁੜ 1 ਅਪ੍ਰੈਲ ਤੱਕ ਈਡੀ ਦੀ ਹਿਰਾਸਤ ਵਿੱਚ ਭੇਜਿਆ ਸੀ ਤੇ ਹੁਣ ਅਦਾਲਤ ਵੱਲੋਂ ਕੇਜਰੀਵਾਲ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ  ਹੈ।


ਕੇਂਦਰੀ ਜਾਂਚ ਏਜੰਸੀ ਦਾਅਵਾ ਹੈ ਕਿ ਦਿੱਲੀ ਸ਼ਰਾਬ ਨੀਤੀ ਬਨਾਉਣ ਤੇ ਲਾਗੂ ਕਰਨ ਵਿੱਚ ਧਾਂਦਲੀ ਹੋਈ ਹੈ। ਇਸ ਦੇ ਮੁੱਖ ਸਾਜ਼ਿਸ਼ਕਰਤਾ ਅਰਵਿੰਦ ਕੇਜਰੀਵਾਲ ਹਨ। ਇਸ ਪੂਰੇ ਮਾਮਲੇ ਵਿੱਚ ਉਨ੍ਹਾਂ ਦੇ ਨਾਲ ਹੋਰ ਮੰਤਰੀ ਤੇ ਆਪ ਦੇ ਲੀਡਰ ਸ਼ਾਮਲ ਹਨ। ਜ਼ਿਕਰ ਕਰ ਦਈਏ ਕਿ ਪੂਰੇ ਮਾਮਲੇ ਵਿੱਚ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਪਹਿਲਾਂ ਹੀ ਜੇਲ੍ਹ ਵਿੱਚ ਹਨ।