Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਦੱਸਿਆ ਹੈ ਕਿ ਵਿਜੇ ਨਾਇਰ, ਜੋ ਕਥਿਤ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਵਿੱਚੋਂ ਇੱਕ ਹੈ, ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਰਿਪੋਰਟ ਕਰਦਾ ਸੀ, ਈਡੀ ਦੇ ਵਕੀਲ ਨੇ ਕੋਰਟ ਵਿੱਚ ਦਾਅਵਾ ਕੀਤਾ ਹੈ।
ਕੇਜਰੀਵਾਲ ਨੇ ਈਡੀ ਨੂੰ ਕੀ ਕਿਹਾ?
"ਕੇਜਰੀਵਾਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਿਜੇ ਨਾਇਰ ਮੈਨੂੰ ਨਹੀਂ ਬਲਕਿ ਆਤਿਸ਼ੀ ਨੂੰ ਰਿਪੋਰਟ ਕਰਦਾ ਸੀ। ਵਿਜੇ ਨਾਇਰ ਕੇਜਰੀਵਾਲ ਦੇ ਕਰੀਬੀ ਰਹੇ ਹਨ। ਕੇਜਰੀਵਾਲ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਨਾਇਰ ਨੇ ਉਸ ਨੂੰ ਰਿਪੋਰਟ ਨਹੀਂ ਕੀਤੀ, ਉਹ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਰਿਪੋਰਟ ਕਰਦਾ ਸੀ। ਆਤਿਸ਼ੀ ਅਤੇ ਸੌਰਭ ਦਾ ਨਾਮ ਪਹਿਲੀ ਵਾਰ ਅਦਾਲਤ ਵਿੱਚ ਲਿਆ ਗਿਆ ਸੀ। ਜਦੋਂ ਈਡੀ ਦੇ ਵਕੀਲ ਨੇ ਕੇਜਰੀਵਾਲ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦਾ ਨਾਂ ਲਿਆ ਤਾਂ ਦੋਵੇਂ ਮੰਤਰੀ ਅਦਾਲਤ ਵਿੱਚ ਮੌਜੂਦ ਸਨ।
ਨਿਆਂਇਕ ਹਿਰਾਸਤ ਉੱਤੇ ਭੇਜੇ ਗਏ ਕੇਜਰੀਵਾਲ
ਜ਼ਿਕਰਯੋਗ ਹੈ ਕਿ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਪਹਿਲਾਂ ਹੀ ਸ਼ਰਾਬ ਘੁਟਾਲੇ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਕਾਰਨ ਤਿਹਾੜ ਜੇਲ 'ਚ ਬੰਦ ਹਨ। ਅਰਵਿੰਦ ਕੇਜਰੀਵਾਲ 'ਆਪ' 'ਚ ਗ੍ਰਿਫਤਾਰ ਕੀਤੇ ਜਾਣ ਵਾਲੇ ਸਭ ਤੋਂ ਹਾਈ-ਪ੍ਰੋਫਾਈਲ ਨੇਤਾ ਹਨ, ਅਤੇ ਉਨ੍ਹਾਂ ਨੂੰ ਤਿਹਾੜ ਜੇਲ ਭੇਜ ਦਿੱਤਾ ਗਿਆ ਹੈ। ਅਦਾਲਤ ਨੇ ਉਨ੍ਹਾਂ ਨੂੰ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਕੀਤਾ ਪੇਸ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਈਡੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਰਾਊਜ਼ ਐਵਿਨਿਊ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਈਡੀ ਦੀ ਮੰਗ ਉੱਤੇ ਨਿਆਂਇਕ ਹਿਰਾਸਤ ਉੱਤੇ ਭੇਜ ਦਿੱਤਾ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਫ਼ਿਲਹਾਲ ਹਿਰਾਸਤ ਵਿੱਚ ਲੈ ਕੇ ਹੋਰ ਪੁੱਛਗਿੱਛ ਦੀ ਜ਼ਰੂਰਤ ਨਹੀਂ ਹੈ। ਸੂਤਰਾਂ ਮੁਤਾਬਕ, ਕੇਜਰੀਵਾਲ ਨੂੰ ਤਿਹਾੜ ਦੀ 5 ਨੰਬਰ ਜੇਲ੍ਹ ਵਿੱਚ ਰੱਖਿਆ ਜਾਵੇਗਾ।
ਕੇਜਰੀਵਾਲ ਨੇ ਅਦਾਲਤ ਤੋਂ ਕੀਤੀ ਮੰਗ
ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਅਦਾਲਤ ਤੋਂ ਤਿੰਨ ਕਿਤਾਬਾਂ ਦੀ ਮੰਗ ਕੀਤੀ ਹੈ ਜਿਨ੍ਹਾਂ ਵਿੱਚ ਰਾਮਾਇਣ, ਮਹਾਭਾਰਤ ਤੇ ਪੱਤਰਕਾਰ ਨੀਰਜ ਚੌਧਰੀ ਦੀ ਲਿਖੀ ਕਿਤਾਬ (How Prime Ministers Decide) ਸ਼ਾਮਲ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਜੇਲ੍ਹ ਵਿੱਚ ਦਵਾਈ, ਸਪੈਸ਼ਲ ਖਾਣਾ ਤੇ ਕਿਤਾਬ ਦੇਣ ਦੀ ਮੰਗ ਕੀਤੀ ਸੀ। ਕਿਤਾਬਾਂ ਲੈਣ ਨੂੰ ਲੈ ਕੇ ਕੇਜਰੀਵਾਲ ਵੱਲੋਂ ਜੇਲ੍ਹ ਵਿੱਚ ਅਰਜੀ ਲਾਈ ਗਈ ਹੈ।